ਪੱਤਰ ਪ੍ਰੇਰਕ
ਚੰਡੀਗੜ੍ਹ, 1 ਸਤੰਬਰ
ਗੌਰਮਿੰਟ ਰੀਹੈਬਲੀਟੇਸ਼ਨ ਇੰਸਟੀਚਿਊਟ ਫਾਰ ਇੰਟੈਲੈਕਚੁਅਲ ਡਿਸਏਬਿਲਿਟੀਜ਼ (ਗਰਿਡ), ਸੈਕਟਰ 31 ਸੀ, ਚੰਡੀਗੜ੍ਹ ਦਾ ਮਹੀਨਾ ਭਰ ਚੱਲਿਆ ਸਿਲਵਰ ਜੁਬਲੀ ਸਮਾਰੋਹ ਅੱਜ ਸਮਾਪਤ ਹੋ ਗਿਆ। ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸਮਾਪਿਤ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਗੌਰਮਿੰਟ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ-32 ਦੇ ਡਾਇਰੈਕਟਰ ਪ੍ਰਿੰਸੀਪਲ-ਕਮ-ਡਾਇਰੈਕਟਰ ਗਰਿੱਡ ਡਾ. ਜਸਬਿੰਦਰ ਕੌਰ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਜਾਣ-ਪਛਾਣ ਕਰਵਾਈ।
ਸ੍ਰੀ ਪੁਰੋਹਿਤ ਨੇ ਕਿਹਾ ਕਿ ਗਰਿੱਡ ਦੇ ਸਿਲਵਰ ਜੁਬਲੀ ਜਸ਼ਨਾਂ ਅਤੇ ਗਰਿੱਡ ਦੀ ਉੱਤਰੀ ਖੇਤਰ ਵਿੱਚ ਬੌਧਿਕ ਅਪੰਗਤਾ ਵਾਲੇ ਵਿਅਕਤੀਆਂ ਲਈ ਕੀਤੇ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਚੰਡੀਗੜ੍ਹ ਪ੍ਰਸ਼ਾਸਨ ਅਪੰਗਤਾ ਦੇ ਖੇਤਰ ਵਿੱਚ ਯੂਨੀਵਰਸਿਟੀ ਦੀ ਸਥਾਪਨਾ ਵਿੱਚ ਪੂਰਾ ਸਹਿਯੋਗ ਦੇਵੇਗਾ। ਪ੍ਰਸ਼ਾਸਕ ਨੇ ਸਿਲਵਰ ਜੁਬਲੀ ਸਮਾਰੋਹ ਦਾ ਸੋਵੀਨਾਰ ਅਤੇ ਗਰਿੱਡ ਦੀ ਦਸਤਾਵੇਜ਼ੀ ਫਿਲਮ ਰਿਲੀਜ਼ ਕੀਤੀ। ਉਨ੍ਹਾਂ ਨੇ ਗਰਿੱਡ ਦੇ ਵੱਖ ਵੱਖ ਮੁਕਾਬਲਿਆਂ ਦੇ ਜੇਤੂਆਂ ਦਾ ਸਨਮਾਨ ਵੀ ਕੀਤਾ।
ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਮਹੀਨਾ ਭਰ ਚੱਲਣ ਵਾਲੇ ਉਕਤ ਸਿਲਵਰ ਜੁਬਲੀ ਸਮਾਗਮਾਂ ਦੌਰਾਨ ਕਈ ਪ੍ਰੋਗਰਾਮ ਕਰਵਾਏ ਗਏ। ਕਾਲਜ ਦੇ ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕ ਖੇਡਿਆ ਗਿਆ। ਸਮਾਪਤੀ ਮੌਕੇ ਗਰਿੱਡ ਦੇ ਜੁਆਇੰਟ ਡਾਇਰੈਕਟਰ ਡਾ. ਪ੍ਰੀਤੀ ਅਰੁਣ ਵੱਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ, ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ ਅਜੈ ਚਗਤੀ, ਡੀਜੀਪੀ ਪ੍ਰਵੀਰ ਰੰਜਨ ਆਦਿ ਮੌਜੂਦ ਸਨ।