ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜੁਝਾਰ ਨਗਰ ਦੇ ਲੋਕਾਂ ਨੂੰ ਪਾਣੀ ਦੀ ਸਪਲਾਈ ਦੇ ਨਾਂ ’ਤੇ ਭੇਜੇ ਜਾ ਰਹੇ ਕਥਿਤ ਨਾਜਾਇਜ਼ ਬਿੱਲਾਂ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਨਾਂ ਕਿਸੇ ਜਾਇਜ਼ ਆਧਾਰ ਦੇ ਹਜ਼ਾਰਾਂ ਰੁਪਏ ਦੇ ਬਿੱਲ ਭੇਜਣਾ ਬੇਹੱਦ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਪਾਣੀ ਵਰਗੀ ਬੁਨਿਆਦੀ ਸਹੂਲਤ ਨੂੰ ਲੋਕਾਂ ਦੀਆਂ ਜੇਬਾਂ ’ਤੇ ਵਾਧੂ ਬੋਝ ਪਾਉਣ ਦਾ ਸਾਧਨ ਨਹੀਂ ਬਣਾਇਆ ਜਾ ਸਕਦਾ।ਸ੍ਰੀ ਸਿੱਧੂ ਨੇ ਦੱਸਿਆ ਕਿ ਜੁਝਾਰ ਨਗਰ ਦੇ 500 ਤੋਂ ਵੱਧ ਪਰਿਵਾਰਾਂ ਨੂੰ 5,000 ਤੋਂ 8,000 ਰੁਪਏ ਤੱਕ ਦਾ ਪਾਣੀ ਦਾ ਨਾਜਾਇਜ਼ ਬਿੱਲ ਭੇਜੇ ਗਏ ਹਨ ਜਦਕਿ ਇਹ ਬਿੱਲ ਕਿਸੇ ਸਰਕਾਰੀ ਵਿਭਾਗ ਵੱਲੋਂ ਜਾਰੀ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਪੰਚਾਇਤ ਅਤੇ ਸਰਪੰਚ ਵੱਲੋਂ ਆਪਣੇ ਪੱਧਰ ’ਤੇ ਗ੍ਰਾਮ ਪੰਚਾਇਤ ਅਤੇ ਵਾਟਰ ਸਪਲਾਈ ਸੈਨੀਟੇਸ਼ਨ ਕਮੇਟੀ ਬਣਾ ਕੇ ਪੁਰਾਣੇ ਬਕਾਏ ਦੀ ਵਸੂਲੀ ਦੇ ਨਾਂ ’ਤੇ ਇਹ ਨਾਜਾਇਜ਼ ਬਿੱਲ ਭੇਜੇ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਜਨਰਲ ਵਰਗ ਲਈ 150 ਰੁਪਏ ਅਤੇ ਐੱਸ ਸੀ ਲਈ 75 ਰੁਪਏ ਬਿੱਲ ਹੈ, ਪਰ ਬਕਾਏ ਦੇ ਨਾਮ ਉੱਤੇ ਪਿਛਲੇ ਕਈ ਸਾਲਾਂ ਦੇ ਬਿੱਲ ਭੇਜੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਮਾਮਲੇ ਸਬੰਧੀ ਸਬੰਧਤ ਐਕਸੀਅਨ ਨਾਲ ਵੀ ਗੱਲ ਕੀਤੀ ਹੈ। ਐਕਸੀਅਨ ਨੇ ਸਪੱਸ਼ਟ ਕੀਤਾ ਹੈ ਕਿ ਵਿਭਾਗ ਵੱਲੋਂ ਨਾ ਤਾਂ ਕੋਈ ਪੁਰਾਣਾ ਬਕਾਇਆ ਦੱਸਿਆ ਗਿਆ ਹੈ ਅਤੇ ਨਾ ਹੀ ਅਜਿਹੇ ਕੋਈ ਬਿੱਲ ਜਾਰੀ ਕੀਤੇ ਗਏ ਹਨ। ਸ੍ਰੀ ਸਿੱਧੂ ਨੇ ਕਿਹਾ ਕਿ ਜੇਕਰ ਸਰਕਾਰੀ ਵਿਭਾਗ ਵੱਲੋਂ ਕੋਈ ਬਿੱਲ ਜਾਰੀ ਨਹੀਂ ਕੀਤਾ ਗਿਆ ਤਾਂ ਫਿਰ ਪਿੰਡ ਦੇ 500 ਤੋਂ ਵੱਧ ਪਰਿਵਾਰਾਂ ਨੂੰ ਹਜ਼ਾਰਾਂ ਰੁਪਏ ਦੇ ਇਹ ਬਿੱਲ ਕਿਸ ਆਧਾਰ ’ਤੇ ਭੇਜੇ ਜਾ ਰਹੇ ਹਨ?ਸ੍ਰੀ ਸਿੱਧੂ ਨੇ ਕਿਹਾ ਕਿ ਲੋਕਾਂ ਨਾਲ ਹੋ ਰਹੀ ਇਸ ਧੱਕੇਸ਼ਾਹੀ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਣੀ ਹਰ ਨਾਗਰਿਕ ਦੀ ਬੁਨਿਆਦੀ ਲੋੜ ਹੈ ਅਤੇ ਇਸ ਸਹੂਲਤ ਨੂੰ ਲੋਕਾਂ ਉੱਤੇ ਦਬਾਅ ਬਣਾਉਣ ਜਾਂ ਵਾਧੂ ਵਸੂਲੀ ਦਾ ਸਾਧਨ ਨਹੀਂ ਬਣਾਇਆ ਜਾਣਾ ਚਾਹੀਦਾ।ਪੰਜਾਬ ਸਰਕਾਰ ਅਤੇ ਅਧਿਕਾਰੀਆਂ ਤੋਂ ਮਾਮਲੇ ਦੀ ਜਾਂਚ ਮੰਗੀਸਾਬਕਾ ਸਿਹਤ ਮੰਤਰੀ ਪੰਜਾਬ ਸਰਕਾਰ ਅਤੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਲੋਕਾਂ ਨੂੰ ਭੇਜੇ ਗਏ ਕਥਿਤ ਨਾਜਾਇਜ਼ ਬਿੱਲਾਂ ਦੀ ਤੁਰੰਤ ਜਾਂਚ ਕਰ ਕੇ ਜੇਕਰ ਵਸੂਲੀ ਨਿਯਮਾਂ ਦੇ ਉਲਟ ਮਿਲਦੀ ਹੈ ਤਾਂ ਲੋਕਾਂ ਤੋਂ ਵਸੂਲ ਕੀਤੀ ਰਕਮ ਵਾਪਸ ਕਰਵਾਈ ਜਾਵੇ ਜਦਕਿ ਕੁਨੈਕਸ਼ਨ ਕੱਟਣ ਅਤੇ ਨਵੇਂ ਕੁਨੈਕਸ਼ਨਾਂ ਲਈ ਵਸੂਲੀ ਗਈ ਰਕਮ ਦੀ ਵੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਜੁਝਾਰ ਨਗਰ ਦੇ ਲੋਕਾਂ ਦੀ ਆਵਾਜ਼ ਬਣ ਕੇ ਉਨ੍ਹਾਂ ਦੇ ਹੱਕਾਂ ਲਈ ਡੱਟ ਕੇ ਲੜਾਈ ਲੜੇਗੀ।