ਸਿੱਧੂ ਨੇ ਲਿੰਕ ਸੜਕਾਂ ਚੌੜੀਆਂ ਕਰਨ ਦੇ ਨੀਂਹ ਪੱਥਰ ਰੱਖੇ

ਸਿੱਧੂ ਨੇ ਲਿੰਕ ਸੜਕਾਂ ਚੌੜੀਆਂ ਕਰਨ ਦੇ ਨੀਂਹ ਪੱਥਰ ਰੱਖੇ

ਸਨੇਟਾ ਤੋਂ ਮਾਣਕਪੁਰ ਲਿੰਕ ਸੜਕ ਦਾ ਨੀਂਹ ਪੱਥਰ ਰੱਖਦੇ ਹੋਏ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ।

ਪੱਤਰ ਪ੍ਰੇਰਕ

ਐੱਸਏਐੱਸ ਨਗਰ (ਮੁਹਾਲੀ), 9 ਅਗਸਤ

ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਹਲਕੇ ਦੇ ਦਰਜਨਾਂ ਪਿੰਡਾਂ ਨੂੰ ਜੋੜਨ ਵਾਲੀਆਂ ਦੋ ਅਹਿਮ ਸੜਕਾਂ ਨੂੰ 10 ਫੁੱਟ ਚੌੜਾਈ ਤੋਂ ਵਧਾ ਕੇ 18-18 ਫੁੱਟ ਚੌੜਾ ਕਰਕੇ ਬਣਾਉਣ ਦੇ ਕੰਮ ਦੇ ਨੀਂਹ ਪੱਥਰ ਰੱਖੇ, ਜਿਨ੍ਹਾਂ ’ਤੇ ਲਗਭਗ 10 ਕਰੋੜ ਰੁਪਏ ਦੀ ਲਾਗਤ ਆਵੇਗੀ। ਸਿੱਧੂ ਨੇ ਪਹਿਲਾ ਨੀਂਹ ਪੱਥਰ ਪਿੰਡ ਸਨੇਟਾ ਵਿੱਚ ਰੱਖਿਆ। ਇਹ ਸੜਕ ਸਨੇਟਾ ਤੋਂ ਮਾਣਕਪੁਰ ਤੱਕ ਬਣਾਈ ਜਾਵੇਗੀ। ਇਸ ਸੜਕ ਧੀਰਪੁਰ, ਗਡਾਣਾ, ਅਬਰਾਵਾਂ, ਮਾਣਕਪੁਰ ਅਤੇ ਗੁਡਾਣਾਂ ਤੋਂ ਢੇਲਪੁਰ, ਤਸੌਲੀ ਰਾਹੀਂ ਮਾਣਕਪੁਰ ਚੌਕ ਤੋਂ ਪਿੰਡਾਂ ਨੂੰ ਜੋੜਦੀ ਲਗਭਗ 13.600 ਕਿੱਲੋਮੀਟਰ ਲੰਮੀ ਸੜਕ 10 ਫੁੱਟ ਤੋਂ ਵਧਾਕੇ 18 ਫੁੱਟ ਚੌੜੀ ਕੀਤੀ ਜਾਵੇਗੀ। ਇਸ ਸੜਕ ’ਤੇ 5 ਕਰੋੜ 84 ਲੱਖ ਰੁਪਏ ਖਰਚਾ ਆਵੇਗਾ। ਸਿਹਤ ਮੰਤਰੀ ਨੇ ਦੂਜਾ ਨੀਂਹ ਪੱਥਰ ਦੈੜੀ ਤੋਂ ਗੱਜੂਖੇੜਾ ਨੂੰ ਜੋੜਦੀ 9.50 ਕਿੱਲੋਮੀਟਰ ਲੰਮੀ ਸੜਕ ਦਾ ਨੀਂਹ ਪੱਥਰ ਦੈੜੀ ਵਿੱਚ ਰਖਿਆ। ਇਹ ਸੜਕ ਨਗਾਰੀ, ਗੀਗੇ ਮਾਜਰਾ, ਮਿੰਢੇ ਮਾਜਰਾ ਰਾਹੀਂ ਗੱਜੂਖੇੜਾ ਤੱਕ ਬਣਾਈ ਜਾਵੇਗੀ। ਇਸ ਸੜਕ ’ਤੇ 4.12 ਲੱਖ ਰੁਪਏ ਦਾ ਖ਼ਰਚਾ ਆਵੇਗਾ। ਸਿਹਤ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਅਹਿਮ ਸੜਕਾਂ ਨੂੰ ਚੌੜਾ ਕਰਨ ਦਾ ਕੰਮ ਕਈ ਦਹਾਕਿਆਂ ਤੋਂ ਲਟਕਿਆ ਪਿਆ ਸੀ। ਉਨ੍ਹਾਂ ਦੱਸਿਆ ਇਨ੍ਹਾਂ ਪਿੰਡਾਂ ਦੇ ਲੋਕ ਜਿਨ੍ਹਾਂ ਵਿੱਚ ਮੁਲਾਜ਼ਮ, ਦੋਧੀ, ਕਿਸਾਨ, ਵਿਦਿਆਰਥੀ ਆਦਿ ਸ਼ਾਮਲ ਹਨ, ਆਪੋ-ਅਪਣੇ ਕੰਮਾਂ ਲਈ ਹਰ ਰੋਜ਼ ਚੰਡੀਗੜ੍ਹ, ਮੁਹਾਲੀ ਅਤੇ ਹੋਰ ਸ਼ਹਿਰਾਂ ਨੂੰ ਜਾਂਦੇ ਹਨ ਪਰ ਸੜਕਾਂ ਦੀ ਮਾੜੀ ਹਾਲਤ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਿੰਡਾਂ ਦੇ ਲੋਕਾਂ ਦੀ ਭਾਰੀ ਪ੍ਰੇਸ਼ਾਨੀ ਨੂੰ ਸਮਝਦਿਆਂ ਉਨ੍ਹਾਂ ਖ਼ੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਸੜਕਾਂ ਨੂੰ ਚੌੜਾ ਕਰਨ ਦੀ ਤਜਵੀਜ਼ ਉਨ੍ਹਾਂ ਅੱਗੇ ਰੱਖੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੁਰੰਤ ਅਪਣੀ ਪ੍ਰਵਾਨਗੀ ਦੇ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਨੂੰ ਚੌੜਾ ਕਰਨ ਦਾ ਕੰਮ ਪੰਜਾਬ ਮੰਡੀ ਬੋਰਡ ਦੁਆਰਾ ਕੀਤਾ ਜਾਵੇਗਾ।

ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਜ਼ਿਲ੍ਹਾ ਪਰਿਸ਼ਦ ਮੈਂਬਰ ਠੇਕੇਦਾਰ ਮੋਹਨ ਸਿੰਘ ਬਠਲਾਣਾ, ਚੌਧਰੀ ਭਗਤ ਰਾਮ ਸਰਪੰਚ ਸਨੇਟਾ, ਗੁਰਵਿੰਦਰ ਸਿੰਘ ਬੜੀ, ਬਲਾਕ ਸਮਿਤੀ ਦੇ ਵਾਈਸ ਚੇਅਰਮੈਨ ਮਨਜੀਤ ਸਿੰਘ ਤੰਗੋਰੀ, ਪੰਜਾਬ ਮੰਡੀ ਬੋਰਡ ਦੇ ਐਕਸੀਅਨ ਜਸਪਾਲ ਸਿੰਘ, ਐਸਡੀਓ ਜਸਵਿੰਦਰ ਸਿੰਘ, ਜੇਈ ਅਮਨਵੀਰ ਸਿੰਘ ਅਤੇ ਹੋਰ ਪਤਵੰਤੇ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All