ਨਿਊ ਚੰਡੀਗੜ੍ਹ ਇਲਾਕੇ ’ਚ ਰੋਜ਼ਾਨਾ ਵਾਪਰ ਰਹੀਆਂ ਗੋਲੀਆਂ ਚੱਲਣ ਦੀਆਂ ਘਟਨਾਵਾਂ ਤੋਂ ਲੋਕ ਖ਼ੌਫਜ਼ਦਾ ਹਨ। ਪਰਸੋਂ ਰਾਤ ਜਿੱਥੇ ਹੁਸ਼ਿਆਰਪੁਰ ਵਿੱਚ ਪ੍ਰਾਪਰਟੀ ਡੀਲਰ ਬਿੱਕਰ ਸਿੰਘ ਦੇ ਘਰ ’ਤੇ ਕੁਝ ਅਣਪਛਾਤਿਆਂ ਨੇ ਫਾਇਰਿੰਗ ਕੀਤੀ ਸੀ ਉੱਥੇ ਹੀ ਵੀਰਵਾਰ ਰਾਤ ਨੂੰ ਹਲਕਾ ਖਰੜ ਦੇ ਸਮਾਜ ਸੇਵੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਹਾਲੀ ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਚੌਧਰੀ ਸ਼ਿਆਮ ਲਾਲ ਮਾਜਰੀਆਂ ਦੇ ਪਿੰਡ ਗੁੜਾ ’ਚ ਘਰ ਉਤੇ ਮੋਟਰਸਾਈਕਲ ਸਵਾਰ ਦੋ ਅਣਪਛਾਤਿਆਂ ਨੇ ਗੋਲੀਆਂ ਚਲਾਈਆਂ।
ਚੌਧਰੀ ਸ਼ਿਆਮ ਲਾਲ ਮਾਜਰੀਆਂ ਨੇ ਦੱਸਿਆ ਕਿ ਹਮਲਾਵਰਾਂ ਵੱਲੋਂ ਰਾਤ ਡੇਢ-ਦੋ ਵਜੇ ਉਨ੍ਹਾਂ ਦੇ ਘਰ ’ਤੇ ਤਿੰਨ ਗੋਲੀਆਂ ਚਲਾਈਆਂ। ਸ਼ਿਆਮ ਲਾਲ ਮੁਤਾਬਕ ਹਮਲਾਵਰ ਕਾਫੀ ਦੇਰ ਰੁਕ ਕੇ ਗੋਲੀ ਚਲਾਉਂਦੇ ਰਹੇ ਪਰ ਉਨ੍ਹਾਂ ਦੇ ਘਰ ’ਚ ਰੱਖੇ ਪਾਲਤੂ ਕੁੱਤਿਆਂ ਦੇ ਭੌਂਕਣ ਤੋਂ ਬਾਅਦ ਹਮਲਾਵਾਰ ਫਰਾਰ ਹੋ ਗਏ। ਚੌਧਰੀ ਅਨੁਸਾਰ ਹਮਲਾਵਰ ਜੈਂਤੀ ਮਾਜਰੀ ਵਾਲੇ ਪਾਸੇ ਤੋਂ ਆਏ ਅਤੇ ਵਾਰਦਾਤ ਮਗਰੋਂ ਕਸੌਲੀ ਵੱਲ ਫਰਾਰ ਹੋ ਗਏ। ਵਾਰਦਾਤ ਸੀ ਸੀ ਟੀ ਵੀ ’ਚ ਕੈਦ ਹੋ ਗਈ ਹੈ।
ਘਟਨਾ ਤੋਂ ਬਾਅਦ ਉਨ੍ਹਾਂ ਨੇ 112 ਨੰਬਰ ’ਤੇ ਫੋਨ ਕਰ ਕੇ ਪੁਲੀਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਥੋੜ੍ਹੀ ਦੇਰ ਬਾਅਦ ਪੁਲੀਸ ਥਾਣਾ ਮੁੱਲਾਂਪੁਰ ਗਰੀਬਦਾਸ ਦੀ ਪੁਲੀਸ ਸਣੇ ਪ੍ਰਸ਼ਾਸਨ ਅਤੇ ਫੋਰਸ ਟੀਮ ਦੇ ਮੈਂਬਰ ਪੁੱਜੇ।
ਦੂਜੇ ਪਾਸੇ ਥਾਣਾ ਮੁੱਲਾਂਪੁਰ ਗਰੀਦਬਾਸ ਦੇ ਐੱਸ ਐੱਚ ਓ ਅਮਨਦੀਪ ਤਾਰਿਕਾ ਅਨੁਸਾਰ ਦੋਨਾਂ ਮਾਮਲਿਆਂ ਸਬੰਧੀ ਅਣਪਛਾਤੇ ਹਮਲਾਵਰਾਂ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।

