ਸ਼ਿਲਪ ਮੇਲਾ: ਗਾਇਕ ਮਾਮੇ ਖ਼ਾਨ ਨੇ ਦਰਸ਼ਕ ਕੀਲੇ
ਮਨੀਮਾਜਰਾ ਦੇ ਕਲਾਗ੍ਰਾਮ ਵਿੱਚ ਚੱਲ ਰਹੇ ਚੰਡੀਗੜ੍ਹ ਰਾਸ਼ਟਰੀ ਸ਼ਿਲਪ ਮੇਲੇ ਵਿੱਚ ਪ੍ਰਸਿੱਧ ਗਾਇਕ ਮਾਮੇ ਖਾਨ ਨੇ ਆਪਣੀ ਸੁਰੀਲੀ ਆਵਾਜ਼ ਨਾਲ ਦਰਸ਼ਕ ਕੀਲ ਕੇ ਰੱਖ ਦਿੱਤੇ। ਗਲੋਬਲ ਇੰਡੀਅਨ ਮਿਊਜ਼ਿਕ ਅਕੈਡਮੀ ਐਵਾਰਡ ਨਾਲ ਸਨਮਾਨਿਤ ਮਾਮੇ ਖਾਨ ਨੇ ਗੀਤ ‘ਕੇਸਰੀਆ ਬਾਲਮ, ਪਧਾਰੋ ਮ੍ਹਾਰੇ ਦੇਸ਼...’ ਗੀਤ ਨਾਲ ਪੰਜਾਬ ਵਿੱਚ ਰਾਜਸਥਾਨ ਦੀ ਮਿੱਟੀ ਦੀ ਖੁਸ਼ਬੂ ਫੈਲਾਈ ਤਾਂ ਸੰਗੀਤ ਪ੍ਰੇਮੀ ਮੰਤਰ-ਮੁਗਧ ਹੋ ਗਏ।
ਹਾਲ ਹੀ ਵਿੱਚ ਰਿਲੀਜ਼ ਹੋਏ ‘ਬੰਜਾਰਾ ਝੂਮ...’ ਨਾਲ ਸੰਗੀਤ ਪ੍ਰੇਮੀਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ।
ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ, ਪਟਿਆਲਾ ਅਤੇ ਚੰਡੀਗੜ੍ਹ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਾਂਝੇ ਪ੍ਰਬੰਧ ਹੇਠ ਇਸ 15ਵੇਂ ਰਾਸ਼ਟਰੀ ਸ਼ਿਲਪ ਮੇਲੇ ਵਿੱਚ ਆਏ ਮਾਮੇ ਖਾਨ ਨੇ ਸਰ੍ਹੋਂ ਦੇ ਸਾਗ ਅਤੇ ਮੱਕੀ ਦੀ ਰੋਟੀ ਦੀ ਪ੍ਰਸ਼ੰਸਾ ਕੀਤੀ। ਕਾਲਾਗ੍ਰਾਮ ਵਿੱਚ ਸ਼ਿਲਪਕਾਰੀ ਮੇਲੇ ਦੇ ਸਟਾਲਾਂ ’ਤੇ ਦੇਸ਼ ਭਰ ਦੇ ਕਾਰੀਗਰਾਂ ਦੇ ਉਤਪਾਦ ਪ੍ਰਦਰਸ਼ਿਤ ਕੀਤੇ ਜਾ ਰਹੇ ਹਨ। ਰਾਜਸਥਾਨ ਦੀ ਕੱਚੀ ਘੋੜੀ, ਪੰਜਾਬ ਦੀ ਬਾਜ਼ੀਗਰ-ਨਚਾਰ, ਹਰਿਆਣਾ ਦੀ ਬੀਨ (ਜੋਗੀ) ਅਤੇ ਨਾਗੜਾ ਦੇ ਪ੍ਰਦਰਸ਼ਨ, ਕਲਾਗ੍ਰਾਮ ਵਿੱਚ ਹੋ ਰਹੇ ਹਨ ਜੋਕਿ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਹੇ ਹਨ। ਚੰਡੀਗੜ੍ਹ ਤੋਂ ਕ੍ਰਿਪਾਲ ਸਿੰਘ ਮੁਤਾਬਕ ਸਾਰੇ ਸਟਾਲਾਂ ’ਤੇ ਵੇਚੇ ਜਾ ਰਹੇ ਹੱਥ ਨਾਲ ਬਣੇ ਉਤਪਾਦ ਉਨ੍ਹਾਂ ਦੀ ਗੁਣਵੱਤਾ ਦਾ ਪ੍ਰਮਾਣ ਹਨ। ਜਲੰਧਰ ਤੋਂ ਆਈ ਗੁਰਜੋਤ ਕੌਰ ਮੁਤਾਬਕ ਮੇਲਾ ਸੱਚਮੁੱਚ ਵਿਭਿੰਨ ਸੱਭਿਆਚਾਰਕ ਵਿਭਿੰਨਤਾ ਨੂੰ ਦਰਸਾਉਂਦਾ ਹੈ। ਇੱਥੇ ਖਰੀਦਦਾਰੀ ਕਰਨ ’ਤੇ ਗੁਣਵੱਤਾ ਅਤੇ ਕੀਮਤਾਂ ਦਾ ਭਰੋਸਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਇਹ ਮੇਲਾ ਵੱਖ-ਵੱਖ ਰਾਜਾਂ ਦੇ ਸੁਆਦੀ ਪਕਵਾਨਾਂ ਦਾ ਨਮੂਨਾ ਲੈਣ ਦਾ ਮੌਕਾ ਵੀ ਪ੍ਰਦਾਨ ਕਰਦਾ ਹੈ।
ਸੁਦੇਸ਼ ਭੋਂਸਲੇ ਨੇ ਮਸ਼ਹੂਰ ਗੀਤਾਂ ਨਾਲ ਲਵਾਈ ਹਾਜ਼ਰੀ
ਬੌਲੀਵੁੱਡ ਦੇ ਮਸ਼ਹੂਰ ਗਾਇਕ ਸੁਦੇਸ਼ ਭੋਂਸਲੇ ਨੇ ਬੀਤੇ ਦਿਨ ਆਪਣੀ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਮੰਤਰ-ਮੁਗਧ ਕੀਤਾ। ਉਸ ਨੇ ਗੀਤ ‘ਸ਼ਾਵਾ-ਸ਼ਾਵਾ, ਸੋਹਣਾ-ਸੋਹਣਾ’ ਨਾਲ ਹਾਜ਼ਰੀ ਲਵਾਈ। ਭੋਂਸਲੇ ਨੇ ਦਰਸ਼ਕਾਂ ਦੀ ਮੰਗ ’ਤੇ ਕਈ ਗੀਤ ਪੇਸ਼ ਕੀਤੇ ਅਤੇ ਅਮਿਤਾਭ ਬੱਚਨ ਦੀਆਂ ਨਕਲਾਂ ਲਾਹੀਆਂ। ਸੁਦੇਸ਼ ਭੋਂਸਲੇ ਨੇ ਕਿਹਾ ਕਿ ਐੱਸ ਡੀ ਬਰਮਨ, ਕੇ ਐੱਲ ਸਹਿਗਲ, ਮੁਕੇਸ਼, ਰਫ਼ੀ, ਕਿਸ਼ੋਰ ਕੁਮਾਰ, ਯੇਸੂਦਾਸ ਅਤੇ ਐੱਸ ਪੀ ਬਾਲਾਸੁਬਰਾਮਣੀਅਮ ਵਰਗੇ ਦਿੱਗਜ ਗਾਇਕਾਂ ਦੇ ਗੀਤ ਉਹ ਕਿਵੇਂ ਗਾ ਲੈਂਦੇ ਹਨ, ਇਹ ਉਸ ਲਈ ਵੀ ਹੈਰਾਨੀ ਦੀ ਗੱਲ ਹੈ। ਉਸ ਨੇ ਦੱਸਿਆ ਕਿ ਦੋਸਤਾਂ ਨਾਲ ਮਜ਼ਾਕ ਵਿੱਚ ਪਹਿਲੀ ਵਾਰ ਅਮਿਤਾਭ ਬੱਚਨ ਦੇ ਡਾਇਲਾਗ ਬੋਲੇ ਸਨ, ਜਿਨ੍ਹਾਂ ਨੂੰ ਬਾਅਦ ਵਿਚ ਰਿਕਾਰਡ ਕਰਕੇ ਸੁਣਿਆ ਤਾਂ ਉਨ੍ਹਾਂ ਨੂੰ ਆਪਣੀ ਕਲਾ ਦਾ ਅਹਿਸਾਸ ਹੋਇਆ।
