ਨਗਰ ਕੌਂਸਲ ਦੀ ਮੀਟਿੰਗ ’ਚ ਕਈ ਮਤੇ ਪਾਸ
ਨਗਰ ਕੌਂਸਲ ਲਾਲੜੂ ਦੀ ਮੀਟਿੰਗ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਕੌਂਸਲ ਦਫ਼ਤਰ ਵਿੱਚ ਕੀਤੀ ਗਈ ਜਿਸ ਵਿੱਚ ਵਿਕਾਸ ਨਾਲ ਸਬੰਧਤ ਕਈ ਮਤੇ ਪਾਸ ਕੀਤੇ ਗਏ। ਮੀਟਿੰਗ ਵਿੱਚ ਕਮਿਊਨਿਟੀ ਕੇਂਦਰਾਂ ਦੇ ਕਿਰਾਏ ਨੂੰ ਵਧਾ ਕੇ 3100 ਰੁਪਏ ਕਰਨ ਦੀ ਤਜਵੀਜ਼ ਰੱਖੀ ਗਈ ਸੀ ਪਰ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਇਸ ਨੂੰ 1100 ਰੁਪਏ ਹੀ ਰੱਖਣ ’ਤੇ ਸਹਿਮਤੀ ਬਣੀ। ਕੌਂਸਲ ਪ੍ਰਧਾਨ ਸਤੀਸ਼ ਰਾਣਾ ਅਤੇ ਕਾਰਜਸਾਧਕ ਅਫ਼ਸਰ ਅਸ਼ੋਕ ਪਥਰੀਆ ਨੇ ਦੱਸਿਆ ਕਿ ਕੌਂਸਲ ਹੱਦਾਂ ਵਿੱਚ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ ਅਤੇ ਜਾਰੀ ਪ੍ਰਾਜੈਕਟ ਜਲਦ ਮੁਕੰਮਲ ਕੀਤੇ ਜਾਣਗੇ। ਉਨ੍ਹਾਂ ਜਾਣਕਾਰੀ ਦਿੱਤੀ ਕਿ ਪੀਣ ਵਾਲੇ ਪਾਣੀ ਲਈ ਨਵਾਂ ਟਿਊਬਵੈੱਲ ਲਗਾਇਆ ਜਾਵੇਗਾ ਅਤੇ ਪਸ਼ੂ ਹਸਪਤਾਲ ਦੀ ਖ਼ਰਾਬ ਹਾਲਤ ਵਾਲੀ ਇਮਾਰਤ ਨੂੰ ਨਵੀਂ ਤਰ੍ਹਾਂ ਤਿਆਰ ਕਰਨ ਦੇ ਮਤੇ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਸ੍ਰੀ ਰੰਧਾਵਾ ਨੇ ਸਾਰੇ ਮਤਿਆਂ ਨੂੰ ਧਿਆਨ ਨਾਲ ਪਰਖਦੇ ਹੋਏ ਅਧਿਕਾਰੀਆਂ ਨੂੰ ਇਹ ਕੰਮ ਜਲਦੀ ਪੂਰੇ ਕਰਨ ਦੇ ਆਦੇਸ਼ ਜਾਰੀ ਕੀਤੇ। ਮੀਟਿੰਗ ਉਪਰੰਤ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਸੜਕਾਂ ਦੇ ਕੰਮ ਤੇਜ਼ੀ ਨਾਲ ਜਾਰੀ ਹਨ ਅਤੇ ਪਿਛਲੀਆਂ ਸਰਕਾਰਾਂ ਦੀ ਲਾਪਰਵਾਹੀ ਕਾਰਨ ਹੀ ਸੜਕਾਂ ਦੀ ਮੰਦੀ ਹਾਲਤ ਸਾਹਮਣੇ ਆਈ ਹੈ। ਮੀਟਿੰਗ ਵਿੱਚ ਕੌਂਸਲਰ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ, ਟੀਮ ਮੈਂਬਰ ਅਤੇ ਕੌਂਸਲ ਅਧਿਕਾਰੀ ਹਾਜ਼ਰ ਸਨ।
