ਗੋਲੀਆਂ ਲੱਗਣ ਕਾਰਨ ਸੰਤਰੀ ਦੀ ਮੌਤ
ਪੰਜਾਬ ਪੁਲੀਸ ਦੇ ਸੇਵਾਮੁਕਤ ਡੀ ਜੀ ਪੀ ਅਰਪਿਤ ਸ਼ੁਕਲਾ ਦੇ ਸੈਕਟਰ-85 ਸਥਿਤ ਵੇਵ ਅਸਟੇਟ ਵਾਲੇ ਘਰ ’ਚ ਸੁਰੱਖਿਆ ਡਿਊਟੀ ’ਤੇ ਤਾਇਨਾਤ ਏ ਐੱਸ ਆਈ ਓਂਕਾਰ ਸਿੰਘ (52) ਦੀ ਅੱਜ ਸਵੇਰੇ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਸ਼ਹੀਦ ਭਗਤ ਸਿੰਘ...
ਪੰਜਾਬ ਪੁਲੀਸ ਦੇ ਸੇਵਾਮੁਕਤ ਡੀ ਜੀ ਪੀ ਅਰਪਿਤ ਸ਼ੁਕਲਾ ਦੇ ਸੈਕਟਰ-85 ਸਥਿਤ ਵੇਵ ਅਸਟੇਟ ਵਾਲੇ ਘਰ ’ਚ ਸੁਰੱਖਿਆ ਡਿਊਟੀ ’ਤੇ ਤਾਇਨਾਤ ਏ ਐੱਸ ਆਈ ਓਂਕਾਰ ਸਿੰਘ (52) ਦੀ ਅੱਜ ਸਵੇਰੇ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਖਟਕੜ ਖੁਰਦ ਦਾ ਵਸਨੀਕ ਸੀ। ਉਹ ਪਿਛਲੇ ਪੰਜ ਸਾਲ ਤੋਂ ਸੇਵਾਮੁਕਤ ਡੀ ਜੀ ਪੀ ਦੀ ਸੁਰੱਖਿਆ ਵਿੱਚ ਤਾਇਨਾਤ ਸੀ। ਉਹ ਸਵੇਰੇ ਛੇ ਵਜੇ ਡਿਊਟੀ ’ਤੇ ਆਇਆ ਸੀ ਅਤੇ ਸਾਢੇ ਛੇ ਇਹ ਘਟਨਾ ਵਾਪਰ ਗਈ। ਘਟਨਾ ਤੋਂ ਬਾਅਦ ਉਸ ਨੂੰ ਤੁਰੰਤ ਸਿਵਲ ਹਸਪਤਾਲ ਫੇਜ਼-6 ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮੁੱਢਲੀ ਜਾਣਕਾਰੀ ਅਨੁਸਾਰ ਕਾਰਬਾਈਨ ਤੋਂ ਪੰਜ ਗੋਲੀਆਂ ਚੱਲੀਆਂ ਅਤੇ ਸਾਰੀਆਂ ਉਸ ਨੂੰ ਲੱਗੀਆਂ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਅਤੇ ਹਥਿਆਰ ਸਮੇਤ ਘਟਨਾ ਨਾਲ ਸਬੰਧਤ ਸਬੂਤ ਇਕੱਤਰ ਕੀਤੇ।
ਡੀ ਐੱਸ ਪੀ ਸਿਟੀ-1 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਸੀ ਸੀ ਟੀ ਵੀ ਕੈਮਰਿਆਂ ਵਿੱਚ ਸਾਰੀ ਘਟਨਾ ਕੈਦ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਸੰਤਰੀ ਕੁਰਸੀ ਉੱਤੇ ਬੈਠਾ ਸੀ ਅਤੇ ਜਦੋਂ ਉਹ ਉੱਠਣ ਲੱਗਾ ਤਾਂ ਉਹ ਕਾਰਬਾਈਨ ਸਮੇਤ ਥੱਲੇ ਡਿੱਗ ਗਿਆ ਅਤੇ ਆਟੋਮੈਟਿਕ ਕਾਰਬਾਈਨ ਵਿੱਚੋਂ ਪੰਜ ਦੇ ਕਰੀਬ ਗੋਲੀਆਂ ਚੱਲੀਆਂ, ਜਿਸ ਨਾਲ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ਸਬੰਧੀ ਬੀ ਐੱਨ ਐੱਸ ਦੀ ਧਾਰਾ 196 ਅਧੀਨ ਪਰਚਾ ਦਰਜ ਕਰ ਕੇ ਲਾਸ਼ ਦਾ ਪੋਸਟ ਮਾਰਟਮ ਕਰਾਉਣ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਦੂਜੇ ਪਾਸੇ ਪਰਿਵਾਰ ਨੇ ਸਵਾਲ ਉਠਾਏ ਹਨ। ਡੀ ਐੱਸ ਪੀ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਨੂੰ ਸੀ ਸੀ ਟੀ ਵੀ ਕੈਮਰਿਆਂ ਦੀ ਫੂਟੇਜ ਵਿਖਾਈ ਗਈ ਹੈ, ਜਿਸ ਮਗਰੋਂ ਮ੍ਰਿਤਕ ਦੇ ਪੁੱਤਰ ਅਤੇ ਹੋਰਨਾਂ ਦੀ ਪੂਰੀ ਤਸੱਲੀ ਹੋ ਗਈ ਹੈ ਕਿ ਘਟਨਾ ਹਾਦਸਾ ਸੀ ਅਤੇ ਹੋਰ ਕੁਝ ਨਹੀਂ ਸੀ।

