ਡੈਂਟਲ ਇੰਸਟੀਚਿਊਟ ’ਚ ਸੈਮੀਨਾਰ ਹਾਲ ਦਾ ਉਦਘਾਟਨ
ਪੰਜਾਬ ‘ਵਰਸਿਟੀ ਦੀ ਵਾਈਸ ਚਾਂਸਲਰ ਪ੍ਰੋ. ਰੇਨੂੰ ਵਿੱਗ ਨੇ ਉਦਘਾਟਨ ਕੀਤਾ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡੈਂਟਲ ਇੰਸਟੀਚਿਊਟ ‘ਡਾ. ਹਰਵੰਸ਼ ਸਿੰਘ ਜੱਜ ਇੰਸਟੀਚਿਊਟ ਆਫ ਡੈਂਟਲ ਸਾਇੰਸਿਜ਼ ਐਂਡ ਹੋਸਪਿਟਲ’ ਦੇ ਅੱਪਗ੍ਰੇਡ ਕੀਤੇ ਸੈਮੀਨਾਰ ਹਾਲ ਤੇ ਲੈਕਚਰ ਥੀਏਟਰ ਦਾ ਉਦਘਾਟਨ ਪੰਜਾਬ ‘ਵਰਸਿਟੀ ਦੀ ਵਾਈਸ ਚਾਂਸਲਰ ਪ੍ਰੋ. ਰੇਨੂੰ ਵਿੱਗ ਨੇ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋ. ਵਿੱਗ ਨੇ ਤੇਜ਼ੀ ਨਾਲ ਬਦਲ ਰਹੇ ਉੱਚ ਸਿੱਖਿਆ ਦੇ ਮਾਹੌਲ ਵਿੱਚ ਮੁਕਾਬਲੇਯੋਗ ਬਣੇ ਰਹਿਣ ਲਈ ਸੰਸਥਾਨ ਦਾ ਡੇਟਾ ਸਮੇਂ ਸਿਰ ਅੱਪਡੇਟ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਡੈਂਟਲ ਸਿੱਖਿਆ, ਮਰੀਜ਼ਾਂ ਦੀ ਦੇਖ-ਭਾਲ ਅਤੇ ਖੋਜ ਨੂੰ ਅੱਗੇ ਵਧਾਉਣ ਵਿੱਚ ਡੈਂਟਲ ਇੰਸਟੀਚਿਊਟ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਅਤੇ ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਪੂਰੇ ਉੱਤਰੀ ਭਾਰਤ ਦੇ ਲੋਕਾਂ ਦੀ ਸੇਵਾ ਵਿੱਚ ਇਸ ਦੇ ਯੋਗਦਾਨ ਦੀ ਸ਼ਲਾਘਾ ਕੀਤੀ।
ਡੈਂਟਲ ਇੰਸਟੀਚਿਊਟ ਦੇ ਪ੍ਰਿੰਸੀਪਲ ਅਤੇ ਪ੍ਰੋਫੈਸਰ ਡਾ. ਦੀਪਕ ਗੁਪਤਾ ਨੇ ਕਿਹਾ ਕਿ ਸੰਸਥਾਨ ਨੇ ਕਈ ਬੁਨਿਆਦੀ ਢਾਂਚਾਗਤ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ। ਇਨ੍ਹਾਂ ਵਿੱਚ 50 ਕਿਲੋਵਾਟ ਦਾ ਸੋਲਰ ਪਾਵਰ ਪਲਾਂਟ ਕਾਇਮ ਕਰਨਾ, 64 ਆਈ ਪੀ-ਅਧਾਰਿਤ ਸੀ ਸੀ ਟੀ ਵੀ ਨਿਗਰਾਨੀ ਪ੍ਰਣਾਲੀ ਲਗਾਉਣਾ, ਬਿਨਾਂ ਰੁਕਾਵਟ ਕਲੀਨਿਕਲ ਅਤੇ ਅਕਾਦਮਿਕ ਗਤੀਵਿਧੀਆਂ ਨੂੰ ਯਕੀਨੀ ਬਣਾਉਣ ਲਈ 250 ਕੇ ਵੀ ਏ ਦਾ ਜੈਨਰੇਟਰ ਸੈੱਟ ਚਾਲੂ ਕਰਨਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮਨਜ਼ੂਰ ਕੀਤੀ ਗਈ ਸੈਕਟਰ 24-25 ਨੂੰ ਵੰਡਣ ਵਾਲੀ ਸੜਕ ਤੋਂ ਵੱਖਰਾ ਪ੍ਰਵੇਸ਼ ਦੁਆਰ ਸ਼ਾਮਲ ਹੈ। ਇਸ ਤੋਂ ਇਲਾਵਾ ਵੱਡੀਆਂ ਵਿਦਿਆਰਥੀ ਲੈਬਾਂ, ਲੈਕਚਰ ਥੀਏਟਰਾਂ ਅਤੇ ਲਾਇਬ੍ਰੇਰੀ ਵਿੱਚ ਵੀ ਏਅਰ-ਕੰਡੀਸ਼ਨਿੰਗ ਦੀਆਂ ਸੁਵਿਧਾਵਾਂ ਜੋੜੀਆਂ ਗਈਆਂ ਹਨ।
ਇਸ ਪ੍ਰੋਗਰਾਮ ਦੌਰਾਨ ਡੈਂਟਲ ਇੰਸਟੀਚਿਊਟ ਦੇ ਫੈਕਲਟੀ ਮੈਂਬਰਾਂ ਨੇ ਪੰਜਾਬ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਨੂੰ ਸਨਮਾਨਿਤ ਕੀਤਾ। ਸੰਸਥਾਨ ਨੇ ਰੂਸਾ 2.0 ਦੇ ਯੂਨੀਵਰਸਿਟੀ ਕੋਆਰਡੀਨੇਟਰ ਪ੍ਰੋਫੈਸਰ ਗੰਗਾ ਰਾਮ ਚੌਧਰੀ ਅਤੇ ਕਾਰਜਕਾਰੀ ਇੰਜਨੀਅਰ ਅਨਿਲ ਠਾਕੁਰ ਅਤੇ ਆਰਕੀਟੈਕਟ ਇੰਦਰ ਗੁਲਾਟੀ ਦੀ ਅਗਵਾਈ ਵਾਲੀ ਪੰਜਾਬ ਯੂਨੀਵਰਸਿਟੀ ਨਿਰਮਾਣ ਦਫ਼ਤਰ ਦੀ ਟੀਮ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ।

