security concerns: ਬਲਟਾਣਾ ਵਾਸੀ ਖ਼ੁਦ ਪਹਿਰੇ ਲਈ ਮਜਬੂਰ
ਪਿੰਡ ਬਲਟਾਣਾ ਵਿਖੇ 16 ਅਗਸਤ ਦੀ ਸ਼ਾਮ ਨੂੰ ਸਕੂਲੀ ਵਿਦਿਆਰਥੀਆਂ ’ਤੇ ਹੋਏ ਜਾਨਲੇਵਾ ਹਮਲੇ ਮਗਰੋਂ ਪੁਲੀਸ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਖ਼ਿਲਾਫ਼ ਪਿੰਡ ਵਾਸੀਆਂ ਅਤੇ ਨੌਜਵਾਨਾਂ ਵਿੱਚ ਰੋਸ ਹੈ। ਪੁਲੀਸ ਦੀ ਨਾਕਾਮੀ ਤੋਂ ਨਿਰਾਸ਼ ਹੋ ਕੇ ਪਿੰਡ ਦੇ ਨੌਜਵਾਨਾਂ ਅਤੇ ਹੋਰਨਾਂ...
ਪਿੰਡ ਬਲਟਾਣਾ ਵਿਖੇ 16 ਅਗਸਤ ਦੀ ਸ਼ਾਮ ਨੂੰ ਸਕੂਲੀ ਵਿਦਿਆਰਥੀਆਂ ’ਤੇ ਹੋਏ ਜਾਨਲੇਵਾ ਹਮਲੇ ਮਗਰੋਂ ਪੁਲੀਸ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਖ਼ਿਲਾਫ਼ ਪਿੰਡ ਵਾਸੀਆਂ ਅਤੇ ਨੌਜਵਾਨਾਂ ਵਿੱਚ ਰੋਸ ਹੈ। ਪੁਲੀਸ ਦੀ ਨਾਕਾਮੀ ਤੋਂ ਨਿਰਾਸ਼ ਹੋ ਕੇ ਪਿੰਡ ਦੇ ਨੌਜਵਾਨਾਂ ਅਤੇ ਹੋਰਨਾਂ ਨੇ ਹੁਣ ਰਾਤ ਸਮੇਂ ਖੁਦ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਹੈ।
ਪਿੰਡ ਦੇ ਨੰਬਰਦਾਰ ਜਸਵੰਤ ਸਿੰਘ ਤੇ ਮੌਕੇ ‘ਤੇ ਮੌਜੂਦ ਨੌਜਵਾਨਾਂ ਨੇ ਦੱਸਿਆ ਕਿ 16 ਅਗਸਤ ਦੀ ਸ਼ਾਮ ਲਗਪਗ 8 ਵਜੇ ਕੂਚ ਪਰਵਾਸੀ ਮੁੰਡਿਆਂ ਦੀ ਟੋਲੀ ਨੇ ਪਿੰਡ ਦੇ ਸਕੂਲੀ ਬੱਚਿਆਂ ’ਤੇ ਛੁਰੀਆਂ, ਚਾਕੂਆਂ ਆਦਿ ਨਾਲ ਜਾਨਲੇਵਾ ਹਮਲਾ ਕੀਤਾ ਸੀ। ਇਸ ਘਟਨਾ ਮਗਰੋਂ ਉਸੇ ਰਾਤ 9.30 ਵਜੇ ਗੁਰਮੁਖ ਸਿੰਘ ਨੇ ਆਪਣੇ ਬੱਚਿਆਂ ਨੂੰ ਨਾਲ ਲਿਜਾ ਕੇ ਪੁਲੀਸ ਚੌਕੀ ਬਲਟਾਣਾ ਵਿਖੇ ਸ਼ਿਕਾਇਤ ਵੀ ਦਰਜ ਕਰਵਾਈ ਸੀ। ਨੰਬਰਦਾਰ ਜਸਵੰਤ ਸਿੰਘ ਨੇ ਦੋਸ਼ ਲਾਇਆ ਪੁਲੀਸ ਵੱਲੋਂ ਦੋਸ਼ੀਆਂ ਨੂੰ ਫੜਨ ਲਈ ਕੋਈ ਮੁਸਤੈਦੀ ਨਹੀਂ ਦਿਖਾਈ ਗਈ। ਲੰਘੀ ਰਾਤ ਰਾਤ ਲਗਪਗ 12 ਤੋਂ 1.30 ਵਜੇ ਦਰਮਿਆਨ ਗੁਰੂ ਰਵਿਦਾਸ ਭਵਨ ਦੀ ਪਾਰਕਿੰਗ ‘ਚ ਇਕੱਠੇ ਹੋਏ ਪਿੰਡ ਦੇ ਨੌਜਵਾਨਾਂ ਨੇ ਦੱਸਿਆ ਕਿ ਪੁਲੀਸ ਦੀ ਇਸ ਨਾਕਾਮੀ ਕਾਰਨ ਪਿੰਡ ਦੇ ਨੌਜਵਾਨਾਂ ਨੇ ਆਪ ਹੀ ਕਾਰਵਾਈ ਕਰਦੇ ਹੋਏ ਹਮਲਾਵਰ ਦੇ ਭਰਾ ਨੂੰ ਲੱਭ ਕੇ ਕਾਬੂ ਕੀਤਾ। ਪੁਲੀਸ ਦੇ ਮੌਕੇ ‘ਤੇ ਨਾ ਪਹੁੰਚਣ ਕਾਰਨ ਪਿੰਡ ਵਾਸੀਆਂ ਨੇ ਉਸ ਨੂੰ ਉਸ ਦੇ ਫਰਨੀਚਰ ਮਾਰਕੀਟ ‘ਚ ਕੰਮ ਕਰਦੇ ਉਸਤਾਦ ਦੀ ਜ਼ਿੰਮੇਵਾਰੀ ਅਤੇ ਹਿਫਾਜ਼ਤ ਹੇਠ ਘਰ ਭੇਜ ਦਿੱਤਾ। ਪਿੰਡ ਵਾਸੀਆਂ ਨੇ ਕਿਹਾ ਕਿ ਆਪਣੀ ਹਿਫਾਜ਼ਤ ਲਈ ਉਨ੍ਹਾਂ ਨੂੰ ਖ਼ੁਦ ਠੀਕਰੀ ਪਹਿਰਾ ਦੇਣਾ ਪੈ ਰਿਹਾ ਹੈ। ਦੂਜੇ ਪਾਸੇ ਬਲਟਾਣਾ ਚੌਂਕੀ ਇੰਚਾਰਜ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਮਗਰੋਂ ਕਾਰਵਾਈ ਕੀਤੀ ਜਾਵੇਗੀ।

