ਯੂਟੀ ਵਿੱਚ ਸਕੂਲ ਤੇ ਕਾਲਜ 31 ਮਈ ਤਕ ਬੰਦ ਰਹਿਣਗੇ

ਯੂਟੀ ਵਿੱਚ ਸਕੂਲ ਤੇ ਕਾਲਜ 31 ਮਈ ਤਕ ਬੰਦ ਰਹਿਣਗੇ

ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਫਾਈਲ ਫੋਟੋ।

ਸੁਖਵਿੰਦਰ ਪਾਲ ਸੋਢੀ

ਚੰਡੀਗੜ੍ਹ, 7 ਮਈ

ਯੂਟੀ ਵਿੱਚ ਕਰੋਨਾ ਦੇ ਲਗਾਤਾਰ ਵਧ ਰਹੇ ਕੇਸਾਂ ਕਾਰਨ ਸਕੂਲ ਤੇ ਕਾਲਜ 31 ਮਈ ਤਕ ਬੰਦ ਰਹਿਣਗੇ। ਇਸ ਦੇ ਨਾਲ ਹੀ ਹੋਰ ਵਿਦਿਅਕ ਸੰਸਥਾਵਾਂ ਵੀ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਹੁਕਮ ਅੱਜ ਸਿੱਖਿਆ ਸਕੱਤਰ ਸਰਪ੍ਰੀਤ ਸਿੰਘ ਗਿੱਲ ਨੇ ਜਾਰੀ ਕੀਤੇ। ਕੋਚਿੰਗ ਸੰਸਥਾਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਸਮੇਂ ਦੌਰਾਨ ਸਿਰਫ ਆਨਲਾਈਨ ਕੋਚਿੰਗ ਹੀ ਜਾਰੀ ਰੱਖਣਗੇ। ਦੂਜੇ ਪਾਸੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਗਰਮੀ ਦੀਆਂ ਛੁੱਟੀਆਂ ਕੀਤੀਆਂ ਜਾਣ।

ਇੱਥੋਂ ਦੇ ਸਰਕਾਰੀ ਸਕੂਲਾਂ ਵਿੱਚ 10 ਮਈ ਤੋਂ 8 ਜੂਨ ਤਕ ਗਰਮੀਆਂ ਦੀਆਂ ਛੁੱਟੀਆਂ ਕੀਤੀਆਂ ਗਈਆਂ ਹਨ ਪਰ ਅਧਿਆਪਕਾਂ ਨੂੰ ਰੋਟੇਸ਼ਨ ਅਨੁਸਾਰ ਸਕੂਲ ਸੱਦਿਆ ਜਾਵੇਗਾ। ਸਰਕਾਰੀ ਸਕੂਲ ਦੇ ਅਧਿਆਪਕ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਨਾਂ ਦੀਆਂ ਹੀ ਛੁੱਟੀਆਂ ਕੀਤੀਆਂ ਹਨ ਜਦਕਿ ਵੱਡੀ ਗਿਣਤੀ ਅਧਿਆਪਕਾਂ ਦੀ ਨਤੀਜਾ ਤਿਆਰ ਕਰਨ ਵਿੱਚ ਡਿਊਟੀ ਲਾ ਦਿੱਤੀ ਹੈ। ਇਥੋਂ ਦੇ ਜ਼ਿਆਦਾਤਾਰ ਨਿੱਜੀ ਸਕੂਲਾਂ ਨੇ ਹਾਲੇ ਤਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਨਹੀਂ ਕੀਤਾ ਜਿਸ ਕਾਰਨ ਅਧਿਆਪਕਾਂ ਵਿਚ ਰੋਸ ਹੈ।

ਭਵਨ ਵਿਦਿਆਲਿਆ ਸਕੂਲ ਵਲੋਂ 17 ਮਈ ਤੋਂ ਵਿਦਿਆਰਥੀਆਂ ਦੇ ਇਮਤਿਹਾਨ ਲਏ ਜਾਣਗੇ ਜਿਸ ਸਬੰਧੀ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਹ ਇਮਤਿਹਾਨ ਆਨਲਾਈਨ ਲਏ ਜਾਣਗੇ। ਵਿਦਿਆਰਥੀਆਂ ਨੇ ਵੀ ਮੰਗ ਕੀਤੀ ਹੈ ਕਿ ਸਕੂਲ ਵਿਚ ਗਰਮੀ ਦੀਆਂ ਛੁੱਟੀਆਂ ਕੀਤੀਆਂ ਜਾਣ।

ਭਵਨ ਵਿਦਿਆਲਿਆ ਵੱਲੋਂ ਆਫਲਾਈਨ ਪ੍ਰੀਖਿਆ ਰੱਦ

ਇੱਥੋਂ ਦੇ ਭਵਨ ਵਿਦਿਆਲਿਆ ਸਕੂਲ ਵੱਲੋਂ ਗਿਆਰ੍ਹਵੀਂ ਜਮਾਤ ਵਿੱਚ ਦਾਖਲੇ ਲਈ ਆਫਲਾਈਨ ਪ੍ਰੀਖਿਆ ਕਰੋਨਾ ਕਾਰਨ ਰੱਦ ਕਰ ਦਿੱਤੀ ਗਈ ਹੈ। ਸਕੂਲ ਵੱਲੋਂ ਪ੍ਰੀਖਿਆਰਥੀਆਂ ਨੂੰ ਹੁਣ ਸੁਨੇਹਾ ਘੱਲਿਆ ਗਿਆ ਹੈ ਕਿ ਇਹ ਪ੍ਰੀਖਿਆ ਹੁਣ ਬਾਅਦ ਵਿੱਚ ਹੋਵੇਗੀ ਜਿਸ ਲਈ ਵਿਦਿਆਰਥੀਆਂ ਨੂੰ ਨਵੇਂ ਸਿਰੇ ਤੋਂ ਅਪਲਾਈ ਕਰਨਾ ਪਵੇਗਾ। ਦੱਸਣਾ ਬਣਦਾ ਹੈ ਕਿ ਰਾਈਟ ਟੂ ਐਜੂਕੇਸ਼ਨ ਤਹਿਤ ਕੋਈ ਵੀ ਸਕੂਲ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦਾਖਲੇ ਲਈ ਪ੍ਰੀਖਿਆ ਨਹੀਂ ਲੈ ਸਕਦਾ। ਇਹ ਵੀ ਪਤਾ ਲੱਗਿਆ ਹੈ ਕਿ ਸੈਕਟਰ-46 ਦੇ ਕੋਚਿੰਗ ਸੈਂਟਰ ਹਾਲੇ ਵੀ ਵਿਦਿਆਰਥੀਆਂ ਨੂੰ ਸਵੇਰ ਦੇ ਸਮੇਂ ਸੱਦ ਕੇ ਆਫਲਾਈਨ ਜਮਾਤਾਂ ਲਾ ਰਹੇ ਹਨ ਜਿਸ ਸਬੰਧੀ ਸਕੱਤਰੇਤ ਵਿੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਹੈ। ਡਾਇਰੈਕਟਰ ਸਕੂਲ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਨੇ ਦੱਸਿਆ ਕਿ ਸਕੂਲ ਮੁਖੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਕਿਸੇ ਵੀ ਸਕੂਲ ਵਿੱਚ 50 ਫੀਸਦੀ ਤੋਂ ਜ਼ਿਆਦਾ ਅਧਿਆਪਕ ਨਾ ਸੱਦਣ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All