SC Commission ਨੇ ਰਵਨੀਤ ਸਿੰਘ ਬਿੱਟੂ ਨੂੰ 4 ਜੂਨ ਨੂੰ ਕੀਤਾ ਤਲਬ
ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਜਾਤੀਸੂਚਕ ਸ਼ਬਦ ਵਰਤਣ ਸਬੰਧੀ ਮਾਮਲੇ ਵਿੱਚ ਆਪਣਾ ਪੱਖ ਰੱਖਣ ਲਈ 4 ਜੂਨ 2026 ਨੂੰ ਕਮਿਸ਼ਨ ਅੱਗੇ ਪੇਸ਼ ਹੋਣ ਲਈ ਤਲਬ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ...
ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਜਾਤੀਸੂਚਕ ਸ਼ਬਦ ਵਰਤਣ ਸਬੰਧੀ ਮਾਮਲੇ ਵਿੱਚ ਆਪਣਾ ਪੱਖ ਰੱਖਣ ਲਈ 4 ਜੂਨ 2026 ਨੂੰ ਕਮਿਸ਼ਨ ਅੱਗੇ ਪੇਸ਼ ਹੋਣ ਲਈ ਤਲਬ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਆਪਣੇ ਧੂਰੀ ਦੌਰੇ ਦੌਰਾਨ ਜਾਤੀਸੂਚਕ ਸ਼ਬਦ ਵਰਤੇ ਗਏ ਸਨ ਜਿਸ ਬਾਬਤ ਐਸ.ਐਸ.ਪੀ. ਸੰਗਰੂਤ ਤੋਂ ਰਿਪੋਰਟ ਤਲਬ ਕੀਤੀ ਗਈ ਸੀ ਪਰ ਪੁਲੀਸ ਵੱਲੋਂ ਅੱਜ ਪੇਸ਼ ਰਿਪੋਰਟ ਨਾਲ ਕਮਿਸ਼ਨ ਵੱਲੋਂ ਅਸਿਹਮਤੀ ਜ਼ਾਹਿਰ ਕੀਤੀ ਗਈ ਹੈ।
ਹਾਲਾਂਕਿ ਇਸ ਤੋਂ ਪਹਿਲਾਂ ਹੀ ਰਵਨੀਤ ਬਿੱਟੂ ਐੱਸ ਸੀ ਭਾਈਚਾਰੇ ਤੋਂ ਜਨਤਕ ਤੌਰ ’ਤੇ ਮੁਆਫੀ ਮੰਗ ਚੁੱਕੇ ਹਨ। ਅੰਮ੍ਰਿਤਸਰ ਦੌਰੇ ਦੌਰਾਨ ਕੇਂਦਰੀ ਮੰਤਰੀ ਨੇ ਦੱਸਿਆ ਕਿ ਚੋਣਾਂ ਵੇਲੇ ਹੋਈ ਬਹਿਸ ਅਤੇ ਗਰਮਾ-ਗਰਮੀ ਵਾਲੇ ਮਾਹੌਲ ਵਿੱਚ ਉਨ੍ਹਾਂ ਕੋਲੋਂ ਜਾਣੇ-ਅਣਜਾਣੇ ਵਿੱਚ ਐੱਸਸੀ ਭਾਈਚਾਰੇ ਪ੍ਰਤੀ ਕੁਝ ਗਲਤ ਸ਼ਬਦ ਨਿਕਲ ਗਏ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਅਜਿਹਾ ਕੋਈ ਮਕਸਦ ਨਹੀਂ ਸੀ ਜਿਸ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ।
ਆਪਣੇ ਪਰਿਵਾਰ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਹ ਆਪਣੇ ਦਾਦਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵਰਗਵਾਸੀ ਬੇਅੰਤ ਸਿੰਘ ਦੇ ਸਮੇਂ ਤੋਂ ਹੀ ਆਪਣੇ ਇਲਾਕੇ ਵਿੱਚ ਐੱਸਸੀ ਭਾਈਚਾਰੇ ਦੇ ਪ੍ਰੋਗਰਾਮਾਂ ਵਿੱਚ ਬਹੁਤ ਸ਼ਰਧਾ ਨਾਲ ਸ਼ਾਮਲ ਹੁੰਦੇ ਆਏ ਹਨ ਅਤੇ ਉਨ੍ਹਾਂ ਦੇ ਦਿਲ ਵਿੱਚ ਕਿਸੇ ਵੀ ਭਾਈਚਾਰੇ ਲਈ ਕੋਈ ਮੰਦਭਾਵਨਾ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਉਹ ਐੱਸਸੀ ਕਮਿਸ਼ਨ ਦੇ ਸਾਹਮਣੇ ਪੇਸ਼ ਹੋ ਕੇ ਵੀ ਆਪਣਾ ਪੱਖ ਰੱਖਣਗੇ ਅਤੇ ਮੁਆਫੀ ਮੰਗਣਗੇ।

