SAS Nagar news: ਬਿਜਲੀ ਦੇ ਵੱਧ ਬਿੱਲਾਂ ਤੋਂ ਕੁੰਭੜਾ ਵਾਸੀ ਭੜਕੇ
ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ; ਐੱਸ ਡੀ ਓ ਵੱਲੋਂ ਕਾਰਵਾਈ ਦਾ ਭਰੋਸਾ
ਪਿੰਡ ਕੁੰਭੜਾ ਦੇ ਵਸਨੀਕਾਂ ਨੇ ਬਿਜਲੀ ਦੇ ਵੱਧ ਬਿੱਲਾਂ ਖ਼ਿਲਾਫ਼ ਅੱਜ ਐੱਸ ਸੀ ਬੀ ਸੀ ਮਹਾਂ ਪੰਚਾਇਤ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਅਤੇ ਪੰਜਾਬ ਸਰਕਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਵੱਲੋਂ ਪਾਵਰਕੌਮ ਤੇ ਹੋਰਨਾਂ ਦੇ ਪੁਤਲੇ ਸਾੜਨ ਅਤੇ ਜਾਮ ਲਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਫੇਜ਼ ਅੱਠ ਥਾਣੇ ਦੇ ਐੱਸ ਐੱਚ ਓ ਵੱਲੋਂ ਮੌਕੇ ਤੇ ਪਾਵਰਕੌਮ ਦੇ ਐੱਸ ਡੀ ਓ ਨੂੰ ਬੁਲਾ ਕੇ ਪ੍ਰਦਰਸ਼ਨਕਾਰੀਆਂ ਦੀਆਂ ਸਮੱਸਿਆਵਾਂ ਸੁਣਨ ਕਾਰਨ ਧਰਨਾਕਾਰੀ ਜਾਮ ਨਾ ਲਾਉਣ ਅਤੇ ਪੁਤਲੇ ਨਾ ਫੂਕਣ ਲਈ ਰਾਜ਼ੀ ਹੋ ਗਏ।
ਬਲਵਿੰਦਰ ਕੁੰਭੜਾ ਨੇ ਇਸ ਮੌਕੇ ਐੱਸ ਡੀ ਓ ਦੇ ਧਿਆਨ ਵਿਚ ਲਿਆਂਦਾ ਕਿ ਲੋਕਾਂ ਨੂੰ ਬੇਲੋੜੇ ਬਿਜਲੀ ਬਿਲ ਆ ਰਹੇ ਹਨ ਤੇ ਉਨ੍ਹਾਂ ਨੂੰ ਦਫ਼ਤਰਾਂ ਵਿਚ ਸ਼ਿਕਾਇਤਾਂ ਦੇਣ ਦੇ ਬਾਵਜੂਦ ਠੀਕ ਵੀ ਨਹੀਂ ਕੀਤਾ ਜਾਂਦਾ। ਇਸ ਮੌਕੇ ਨਰੇਗਾ ਯੂਨੀਅਨ ਦੇ ਸੂਬਾਈ ਆਗੂ ਅਜੈਬ ਸਿੰਘ ਬਠੋਈ ਨੇ ਕਿਹਾ ਕਿ ਇਹ ਕਹਾਣੀ ਕਿਸੇ ਪਿੰਡ ਦੀ ਨਹੀਂ ਸਗੋਂ ਸਮੁੱਚੇ ਪੰਜਾਬ ਵਿਚ ਇਹੀ ਹਾਲ ਹੈ ਤੇ ਬਿਜਲੀ ਦੇ ਵੱਡੀ-ਵੱਡੀ ਰਾਸ਼ੀ ਵਾਲੇ ਬਿਲਾਂ ਤੋਂ ਲੋਕੀਂ ਤ੍ਰਾਹ-ਤ੍ਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁਫ਼ਤ ਬਿਜਲੀ ਸਿਰਫ਼ ਨਾਅਰਿਆਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ।
ਐੱਸ ਡੀ ਓ ਨੇ ਸਾਰੇ ਮਾਮਲਿਆਂ ਦੀ ਪੜਤਾਲ ਕਰਵਾ ਕੇ ਅਗਲੇਰੀ ਕਾਰਵਾਈ ਦਾ ਭਰੋਸਾ ਦਿੱਤਾ। ਇਸ ਮੌਕੇ ਮਾਸਟਰ ਬਨਵਾਰੀ ਲਾਲ, ਹਰਚੰਦ ਸਿੰਘ ਜਖ਼ਵਾਲੀ, ਲਖਵੀਰ ਸਿੰਘ ਬੌਬੀ, ਬਾਪੂ ਲਾਭ ਸਿੰਘ, ਕਰਮ ਸਿੰਘ ਕੁਰੜੀ, ਗੁਰਵਿੰਦਰ ਸਿੰਘ, ਪਰਮਜੀਤ ਕੌਰ, ਕਰਮਜੀਤ ਕੌਰ, ਸੋਨੀਆ ਰਾਣੀ, ਲੱਛਮੀ, ਸਾਬਕਾ ਬਲਾਕ ਸੰਮਤੀ ਮੈਂਬਰ ਗੁਰਨਾਮ ਕੌਰ, ਨੈਬ ਸਿੰਘ, ਲੀਲਾ ਕੌਰ, ਬਲਜਿੰਦਰ ਸਿੰਘ ਆਦਿ ਹਾਜ਼ਰ ਸਨ।

