Sanjeev Arora ਦੀ ਗ੍ਰਿਫ਼ਤਾਰੀ ਖ਼ਿਲਾਫ਼ ‘ਆਪ’ ਵੱਲੋਂ ਭਾਜਪਾ ਵਿਰੁੱਧ ਮੋਰਚਾ; ਪੰਜਾਬ ਭਰ ਵਿੱਚ ਦਫ਼ਤਰਾਂ ਦਾ ਘਿਰਾਓ
ਸੁਨੀਲ ਜਾਖੜ ਦੀ ਕੇਜਰੀਵਾਲ ਨੂੰ ਚਿਤਾਵਨੀ: ਪੰਜਾਬ ਨੂੰ ਮਮਤਾ ਦਾ ਬੰਗਾਲ ਨਹੀਂ ਬਣਨ ਦਿਆਂਗੇ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਭਾਜਪਾ ਦਫ਼ਤਰਾਂ ਵਿੱਚ ਦਾਖਲ ਹੋ ਕੇ ਕੀਤੀ ਗਈ ਕਥਿਤ ਗੁੰਡਾਗਰਦੀ ਅਤੇ ਤੋੜਫੋੜ ਦੀ ਸਖ਼ਤ ਨਿਖੇਧੀ ਕਰਦਿਆਂ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦਾ ਮਾਹੌਲ ਖ਼ਰਾਬ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਜਾਖੜ ਨੇ 'ਐਕਸ' (X) 'ਤੇ ਲਿਖਿਆ ਕਿ ਬਲਾਚੌਰ ਵਿੱਚ 'ਆਪ' ਵਿਧਾਇਕ ਸੁਖਵਿੰਦਰ ਸੁੱਖੀ ਨੇ ਪੁਲੀਸ ਦੀ ਮੌਜੂਦਗੀ ਵਿੱਚ ਭਾਜਪਾ ਦਫ਼ਤਰ ਅੰਦਰ ਵੜ ਕੇ ਜ਼ਿਲ੍ਹਾ ਪ੍ਰਧਾਨ ਨਾਲ ਕੁੱਟਮਾਰ ਕੀਤੀ, ਜੋ ਕਿ ਨਿਮਨ ਪੱਧਰ ਦੀ ਸਿਆਸਤ ਅਤੇ ਨੈਤਿਕ ਪਤਨ ਦੀ ਨਿਸ਼ਾਨੀ ਹੈ।
ਉਨ੍ਹਾਂ ਕਿਹਾ ਕਿ ਵਿਰੋਧ ਕਰਨਾ ਸਭ ਦਾ ਹੱਕ ਹੈ ਪਰ ਕਾਨੂੰਨ ਹੱਥ ਵਿੱਚ ਲੈਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ ਅਤੇ ਭਾਜਪਾ ਪੰਜਾਬ ਨੂੰ ਮਮਤਾ ਬੈਨਰਜੀ ਦੇ ਬੰਗਾਲ ਵਾਂਗ ਹਿੰਸਾ ਦਾ ਕੇਂਦਰ ਨਹੀਂ ਬਣਨ ਦੇਵੇਗੀ। ਜਾਖੜ ਨੇ ਪੰਜਾਬ ਪੁਲੀਸ ਨੂੰ ਇਸ ਘਟਨਾ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਸਪੱਸ਼ਟ ਕੀਤਾ ਕਿ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਜਾਰੀ ਰਹੇਗੀ ਅਤੇ 'ਆਪ' ਵੱਲੋਂ ਕੀਤੀ ਜਾ ਰਹੀ ਸੂਬੇ ਦੀ ਲੁੱਟ ਦਾ ਜਵਾਬ ਪੰਜਾਬ ਦੇ ਲੋਕ ਜ਼ਰੂਰ ਦੇਣਗੇ।
ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਲੰਘੇ ਦਿਨ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਗ੍ਰਿਫਤਾਰ ਕੀਤੇ ਜਾਣ ਖਿਲਾਫ ਪੰਜਾਬ ਭਰ ਵਿੱਚ ਭਾਜਪਾ ਖਿਲਾਫ਼ ਮੋਰਚਾ ਖੋਲ ਦਿੱਤਾ। ਅੱਜ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਸੂਬੇ ਭਰ ਵਿੱਚ ਭਾਜਪਾ ਦਫਤਰਾਂ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਭਾਜਪਾ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲਗਾਏ।
ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਭਾਜਪਾ ਵੱਲੋਂ ਜਿਹੜੇ ਵੀ ਸੂਬੇ ਵਿੱਚ ਚੋਣਾਂ ਲੜੀਆਂ ਜਾਂਦੀਆਂ ਹਨ ਉੱਥੇ ਚੋਣਾਂ ਤੋਂ ਪਹਿਲਾਂ ਕੇਂਦਰੀ ਜਾਂਚ ਏਜੰਸੀਆਂ ਦੀ ਵੱਡੇ ਪੱਧਰ ਤੇ ਦੁਰਵਰਤੋਂ ਕੀਤੀ ਜਾਂਦੀ ਹੈ ਅਤੇ ਵਿਰੋਧੀਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਭਾਜਪਾ ਵੱਲੋਂ ਪੰਜਾਬ ਵਿੱਚ ਹੁਣ ਕੀਤਾ ਜਾ ਰਿਹਾ ਹੈ। ਜਿੱਥੇ ਕੈਬਨਟ ਮੰਤਰੀ ਸੰਜੀਵ ਅਰੋੜਾ ਦੇ ਘਰ ਇੱਕ ਸਾਲ ਵਿੱਚ ਤੀਜੀ ਵਾਰ ਈਡੀ ਦੀ ਛਾਪੇਮਾਰੀ ਕੀਤੀ ਗਈ ਅਤੇ ਹੁਣ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਗ੍ਰਿਫਤਾਰੀ ਪਿੱਛੇ ਕੋਈ ਜਾਂਚ ਨਹੀਂ ਹੈ ਬਲਕਿ ਸੰਜੀਵ ਅਰੋੜਾ ਨੇ ਭਾਜਪਾ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਭਾਜਪਾ ਵੱਲੋਂ ਇਹ ਛਾਪੇਮਾਰੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਭਾਜਪਾ ਦੀਆਂ ਅਜਿਹੀਆਂ ਚਾਲਾਂ ਤੋਂ ਡਰਨ ਵਾਲੇ ਨਹੀਂ ਹਨ ਉਹ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ।
ਕੀ ਹੈ ਪੂਰਾ ਮਾਮਲਾ?
ਸੰਜੀਵ ਅਰੋੜਾ ਨੂੰ ਕੱਲ੍ਹ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਈਡੀ ਦੀ ਤੀਜੀ ਛਾਪੇਮਾਰੀ ਤੋਂ ਬਾਅਦ ਮਨੀ ਲਾਂਡਰਿੰਗ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।ਪਿਛਲੇ ਇੱਕ ਮਹੀਨੇ ਦੌਰਾਨ ‘ਆਪ’ ਦੇ ਕਈ ਆਗੂਆਂ ’ਤੇ ਈਡੀ ਨੇ ਸ਼ਿਕੰਜਾ ਕੱਸਿਆ ਹੈ। ਅਪਰੈਲ ਵਿੱਚ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਟਿਕਾਣਿਆਂ ’ਤੇ ਛਾਪੇਮਾਰੀ ਹੋਈ ਸੀ, ਜਿਸ ਤੋਂ ਬਾਅਦ ਉਹ 6 ਹੋਰ ਸੰਸਦ ਮੈਂਬਰਾਂ (ਰਾਘਵ ਚੱਢਾ, ਹਰਭਜਨ ਸਿੰਘ ਸਮੇਤ) ਨਾਲ ਪਾਰਟੀ ਤੋੜ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।ਇਸ ਹਫ਼ਤੇ ਈਡੀ ਨੇ ਰੀਅਲ ਅਸਟੇਟ ਗਰੁੱਪਾਂ ’ਤੇ ਵੀ ਛਾਪੇਮਾਰੀ ਕੀਤੀ ਹੈ। ਏਜੰਸੀ ਦਾ ਦਾਅਵਾ ਹੈ ਕਿ ਇੱਕ ਬਿਲਡਰ, ਜਿਸ ਨੇ ਬਾਜ਼ਾਰੂ ਕੀਮਤ ਤੋਂ 170 ਕਰੋੜ ਰੁਪਏ ਘੱਟ ’ਤੇ ਜ਼ਮੀਨ ਖਰੀਦੀ ਸੀ, ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦਾ ਕਰੀਬੀ ਹੈ।‘ਆਪ’ ਆਗੂਆਂ ਦਾ ਕਹਿਣਾ ਹੈ ਕਿ ਇਹ ਸਾਰੀਆਂ ਕਾਰਵਾਈਆਂ ਸਿਆਸੀ ਬਦਲਾਖੋਰੀ ਤਹਿਤ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਪਾਰਟੀ ਦੇ ਅਕਸ ਨੂੰ ਢਾਹ ਲਾਈ ਜਾ ਸਕੇ। ਦੂਜੇ ਪਾਸੇ, ਭਾਜਪਾ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਜਾਂਚ ਨੂੰ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਦੱਸ ਰਹੀ ਹੈ।

