ਸਫ਼ਾਈ ਸੇਵਕਾਂ ਦਾ ਈਕੋ ਸਿਟੀ ਮੁੱਲਾਂਪੁਰ ’ਚ ਮੁਜ਼ਾਹਰਾ
ਪੁਲੀਸ ਦੇ ਦਖ਼ਲ ਮਗਰੋਂ ਗਮਾਡਾ ਦਫ਼ਤਰ ਅੱਗੇ ਹੋਣ ਵਾਲਾ ਕੂਡ਼ਾ ਸੁੱਟ ਪ੍ਰਦਰਸ਼ਨ ਮੁਲਤਵੀ; ਗਮਾਡਾ ਅਧਿਕਾਰੀਆਂ ਨਾਲ ਮੀਟਿੰਗ ਤੈਅ
ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਵੱਲੋਂ ਅੱਜ ਮੁੱਲਾਂਪੁਰ ਈਕੋ ਸਿਟੀ-1 ਵਿਖੇ ਠੇਕੇਦਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀਆਂ ਡੀ ਐੱਸ ਪੀ ਮੁਲਾਂਪੁਰ ਰਾਜੀਵ ਕੁਮਾਰ ਅਤੇ ਸਪੈਸ਼ਲ ਬ੍ਰਾਂਚ ਦੇ ਡੀ ਐੱਸ ਪੀ ਗੁਰਪ੍ਰੀਤ ਸਿੰਘ ਬੈਂਸ ਵਲੋਂ ਸਫ਼ਾਈ ਕਰਮਚਾਰੀਆਂ ਨੂੰ ਰੋਸ ਮਾਰਚ ਨਾ ਕਰਨ ਦੀ ਅਪੀਲ ਕੀਤੀ ਅਤੇ ਗਮਾਡਾ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਯੂਨੀਅਨ ਦੇ ਆਗੂਆਂ ਨਾਲ ਗਮਾਡਾ ਦੇ ਮੁੱਖ ਪ੍ਰਸ਼ਾਸਕ ਨਾਲ 7 ਅਪਰੈਲ ਨੂੰ 3 ਵਜੇ ਮੀਟਿੰਗ ਕਰਾਉਣ ਦਾ ਪੱਤਰ ਜਾਰੀ ਕਰਵਾਇਆ ਗਿਆ। ਇਸ ਮਗਰੋਂ ਫੈਡਰੇਸ਼ਨ ਨੇ 7 ਅਪਰੈਲ ਨੂੰ ਗਮਾਡਾ ਦਫਤਰ ਦੇ ਬਾਹਰ ਕੂੜਾ ਸੁੱਟ ਕੇ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ। ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਪਵਨ ਗੋਡਯਾਲ ਨੇ ਦੱਸਿਆ ਕਿ ਮੀਟਿੰਗ ਮਿਲਣ ਕਾਰਨ ਪ੍ਰਦਰਸ਼ਨ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਗਮਾਡਾ ਪ੍ਰਸ਼ਾਸਨ ਵਲੋਂ ਮੁਲਾਂਪੁਰ ਈਕੋ ਸਿਟੀ 1 ਵਿਖੇ ਡੋਰ ਟੂ ਡੋਰ ਕੂੜਾ ਚੁੱਕਣ ਦਾ ਠੇਕਾ ਦੇਣ ਦਾ ਫੈਸਲਾ ਵਾਪਸ ਨਾ ਲਿਆ ਤਾਂ ਮੁਹਾਲੀ ਜ਼ਿਲ੍ਹੇ ਦੀਆਂ ਸਮੁੱਚੀਆਂ ਨਗਰ ਕੌਂਸਲਾਂ ਜ਼ੀਰਕਪੁਰ, ਡੇਰਾਬੱਸੀ, ਨਵਾਂ ਗਾਉਂ, ਖਰੜ ਅਤੇ ਨਗਰ ਨਿਗਮ ਮੁਹਾਲੀ ਵਿਖੇ ਵੀ ਸਫ਼ਾਈ ਦਾ ਕੰਮ ਬੰਦ ਕਰਕੇ ਹੜਤਾਲ ਕੀਤੀ ਜਾਵੇਗੀ ਅਤੇ ਗਮਾਡਾ ਦਫ਼ਤਰ ਅੱਗੇ ਕੂੜਾ ਸੁੱਟ ਪ੍ਰਦਰਸ਼ਨ ਕਰ ਕੇ ਦਿੱਲੀ ਵਾਲੇ ਗੋਪਾਲ ਮੋਹਨ ਤੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਦਾ ਪੁਤਲਾ ਫੂਕਿਆ ਜਾਵੇਗਾ।

