ਜਗਮੋਹਨ ਸਿੰਘ
ਘਨੌਲੀ, 22 ਸਤੰਬਰ
ਪਿੰਡ ਥਲੀ ਖੁਰਦ ਦੀ ਗਰਾਮ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਵਿਖੇ ਸ਼ਾਨਦਾਰ ਲਾਇਬ੍ਰੇਰੀ ਖੋਲ੍ਹੀ ਗਈ ਹੈ। ਇਸ ਦਾ ਉਦਘਾਟਨ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ, ਪੰਚਾਇਤ ਮੈਂਬਰਾਂ ਤੇ ਪਿੰਡ ਵਾਸੀਆਂ ਵੱਲੋਂ ਅਰਦਾਸ ਕਰਕੇ ਕੀਤਾ ਗਿਆ। ਪਿੰਡ ਦੀ ਸਰਪੰਚ ਸੁਖਵਿੰਦਰ ਕੌਰ ਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਦੇ ਬਹੁਤ ਸਾਰੇ ਅਜਿਹੇ ਗਰੀਬ ਪਰਿਵਾਰਾਂ ਦੇ ਬੱਚੇ ਹਨ, ਜਿਹੜੇ ਕਿ ਪੜ੍ਹਾਈ ਵਿੱਚ ਤਾਂ ਕਾਫੀ ਹੁ਼ਸ਼ਿਆਰ ਹਨ ਪਰ ਮਹਿੰਗੀਆਂ ਕਿਤਾਬਾਂ ਖਰੀਦਣ ਦੀ ਸਮਰਥਾ ਨਾ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਉਨ੍ਹਾਂ ਦੇ ਕਾਫੀ ਲੋਕਾਂ ਦੀ ਸੋਚ ਸੀ ਕਿ ਅਜਿਹੇ ਬੱਚਿਆਂ ਨੂੰ ਕਿਤਾਬਾਂ ਮੁਹੱਈਆ ਕਰਵਾਉਣ ਲਈ ਹੰਭਲਾ ਮਾਰਿਆ ਜਾਵੇ ਤੇ ਅੱਜ ਉਹ ਸੁ਼ਭਾਗਾ ਸਮਾ ਆ ਚੁੱਕਾ ਹੈ ਤੇ ਉਨ੍ਹਾਂ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਉਨ੍ਹਾਂ ਦੇ ਇਲਾਕੇ ਦੇ ਪਿੰਡਾਂ ਦਾ ਕੋਈ ਵੀ ਵਿਦਿਆਰਥੀ ਕਿਤਾਬਾਂ ਦੀ ਅਣਹੋਂਦ ਕਾਰਨ ਪੜ੍ਹਾਈ ਪੂਰੀ ਕਰਨ ਤੋਂ ਨਾ ਖੁੰਝੇ। ਉਨ੍ਹਾਂ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਉਹ ਵੱਖੋ ਵੱਖਰੀਆਂ ਜਮਾਤਾਂ ਦੇ ਸਿਲੇਬਸ ਨਾਲ ਸਬੰਧਤ ਕਿਤਾਬਾਂ ਲਾਇਬ੍ਰੇਰੀ ਨੂੰ ਦਾਨ ਕਰਨ ਲਈ ਅੱਗੇ ਆਉਣ। ਫਰਨੀਚਰ ਤੇ ਕੁੱਝ ਕਿਤਾਬਾਂ ਦੀ ਸੇਵਾ ਏਅਰਫੋਰਸ ਵਿੱਚ ਕੰਮ ਕਰ ਰਹੇ ਜਸਵਿੰਦਰ ਸਿੰਘ ਵੱਲੋਂ, ਕੈਮਰਿਆਂ ਦੀ ਸੇਵਾ ਮਨਿੰਦਰ ਸਿੰਘ ਪਰਫੈਕਟ ਮੀਡੀਆ ਰੂਪਨਗਰ ਤੇ ਪੰਜਾਬੀ ਅਤੇ ਅੰਗਰੇਜ਼ੀ ਅਖ਼ਬਾਰਾਂ ਦੀ ਸੇਵਾ ਪ੍ਰਿੰਸੀਪਲ ਸੁਰਮੁੱਖ ਸਿੰਘ ਵੱਲੋਂ ਲਈ ਗਈ ਹੈ। ਇਸ ਮੌਕੇ ਸਮੂਹ ਪੰਚਾਇਤ ਮੈਂਬਰ, ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਤੇ ਪਿੰਡ ਵਾਸੀ ਵੀ ਹਾਜ਼ਰ ਸਨ।