ਜਗਮੋਹਨ ਸਿੰਘ
ਰੂਪਨਗਰ, 12 ਸਤੰਬਰ
8 ਸਤੰਬਰ ਨੂੰ ਰੂਪਨਗਰ ਦੀ ਗਊਸ਼ਾਲਾ ਰੋਡ ਉੱਤੇ ਹੋਏ ਕਤਲ ਦੀ ਗੁੱਥੀ ਰੂਪਨਗਰ ਪੁਲੀਸ ਨੇ ਸੁਲਝਾਉਣ ਦਾ ਦਾਅਵਾ ਕਰਦਿਆਂ ਮ੍ਰਿਤਕ ਦੇ ਸਾਥੀ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਐੱਸਐੱਸਪੀ ਰੂਪਨਗਰ ਵਵਿੇਕਸ਼ੀਲ ਸੋਨੀ ਨੇ ਪ੍ਰੈੱਸ ਕਾਨਫਰੰਸ ਰਾਹੀਂ ਦੱਸਿਆ ਕਿ ਦਵਾਰਕਾ ਦਾਸ ਉਰਫ ਦਵਿੰਦਰ ਪੁੱਤਰ ਹੁਸਨ ਚੰਦ ਵਾਸੀ ਆਦਰਸ਼ ਨਗਰ ਰੂਪਨਗਰ ਦੇ ਕਤਲ ਤੋਂ ਬਾਅਦ ਉਨ੍ਹਾਂ ਨੇ ਖੁਦ ਮੌਕੇ ’ਤੇ ਪੁੱਜ ਕੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਐੱਸਪੀ (ਜਾਂਚ) ਨਵਨੀਤ ਸਿੰਘ ਮਾਹਲ ਦੀ ਅਗਵਾਈ ਅਧੀਨ ਡੀਐੱਸਪੀ(ਜਾਂਚ) ਮਨਵੀਰ ਸਿੰਘ ਬਾਜਵਾ, ਡੀਐੱਸਪੀ ਸਬ ਡਵੀਜ਼ਨ ਤਰਲੋਚਨ ਸਿੰਘ, ਇੰਸਪੈਕਟਰ ਸਤਨਾਮ ਸਿੰਘ ਸੀਆਈਏ ਅਤੇ ਇੰਸਪੈਕਟਰ ਪਵਨ ਕੁਮਾਰ ਐੱਸਐੱਚਓ ਸਿਟੀ ਰੂਪਨਗਰ ’ਤੇ ਟੀਮਾਂ ਬਣਾਈਆਂ ਸਨ। ਇਸ ਦੌਰਾਨ ਵਿਗਿਆਨਕ ਅਤੇ ਤਕਨੀਕੀ ਢੰਗਾਂ ਨਾਲ ਵੱਖ ਵੱਖ ਪਹਿਲੂਆਂ ਦੀ ਜਾਂਚ ਕਰਦੇ ਹੋਏ ਦਵਾਰਕਾ ਦਾਸ ਦੇ ਨਾਲ ਹੀ ਦੁਕਾਨ ’ਤੇ ਕੰਮ ਕਰਨ ਵਾਲੇ ਮੁੱਖ ਮੁਲਜ਼ਮ ਸੁਨੀਲ ਕੁਮਾਰ, ਉਸ ਦੇ ਪੁੱਤਰ ਸ਼ਵਿਮ ਦੋਵੇਂ ਵਾਸੀ ਮਕਾਨ ਨੰਬਰ 21 ਸ਼ਾਮਪੁਰਾ ਹਾਲ ਵਾਸੀ ਰਤਨ ਨਗਰ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਨਿ੍ਹਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।ਮ੍ਰਿਤਕ ਅਤੇ ਮੁਲਜ਼ਮ ਸੁਨੀਲ ਕੁਮਾਰ ਇੱਕੋ ਦੁਕਾਨ ਡੀਸੀਐੱਮ ਕਲਾਥ ਰੂਪਨਗਰ ’ਤੇ ਕੰਮ ਕਰਦੇ ਸਨ ਅਤੇ ਸੁਨੀਲ ਕੁਮਾਰ ਕਰੀਬ 2 ਸਾਲ ਤੋਂ ਮ੍ਰਿਤਕ ਨਾਲ ਈਰਖਾ ਕਰਦਾ ਸੀ। ਇਸੇ ਕਾਰਨ ਉਸ ਦੇ ਦੁਕਾਨ ਮਾਲਕ ਉਸ ਨੂੰ ਚੰਗਾ ਨਹੀਂ ਸਨ ਸਮਝਦੇ ਤੇ ਇਸੇ ਗੱਲ ਤੋਂ ਪ੍ਰੇਸ਼ਾਨ ਸੁਨੀਲ ਕੁਮਾਰ ਨੇ ਇਹ ਗੱਲ ਆਪਣੇ ਬੇਟੇ ਸ਼ਵਿਮ ਅਤੇ ਨਾਬਾਲਗ ਭਤੀਜੇ ਨਾਲ ਸਾਂਝੀ ਕੀਤੀ, ਜਿਸ ਉਪਰੰਤ ਉਨ੍ਹਾਂ ਨੇ ਦਵਾਰਕਾ ਦਾਸ ਉਰਫ ਦਵਿੰਦਰ ਨੂੰ ਮਾਰਨ ਦੀ ਸਾਜ਼ਿਸ਼ ਬਣਾਉਂਦਿਆਂ ਹੋਇਆਂ ਵਾਰਦਾਤ ਨੂੰ ਅੰਜ਼ਾਮ ਦਿੱਤਾ।