ਭਾਜਪਾ ਆਗੂ ਦੀ ਗੱਡੀ ਦੀ ਫੇਟ ਵੱਜਣ ਮਗਰੋਂ ਹੰਗਾਮਾ
ਕੁਰਾਲੀ-ਸਿਸਵਾਂ ਰੋਡ ’ਤੇ ਇੱਕ ਸਮਾਜ ਸੇਵੀ ਦੀ ਗੱਡੀ ਨੂੰ ਟੱਕਰ ਮਾਰਨ ਅਤੇ ਫਿਰ ਕਥਿਤ ਤੌਰ ’ਤੇ ਧਮਕਾਉਣ ਦੇ ਦੋਸ਼ ਹੇਠ ਕਿਸਾਨ ਜਥੇਬੰਦੀਆਂ ਨੇ ਅੱਜ ਦੇਰ ਸ਼ਾਮ ਕੁਰਾਲੀ-ਸਿਸਵਾਂ-ਚੰਡੀਗੜ੍ਹ ਰੋਡ ’ਤੇ ਬਲਾਕ ਮਾਜਰੀ ਚੌਕ ਵਿੱਚ ਸੜਕ ਜਾਮ ਕਰ ਦਿੱਤੀ। ਧਰਨਾਕਾਰੀ ਇਨਸਾਫ਼ ਲਈ ਡਟੇ ਹੋਏ ਹਨ।
ਸ੍ਰੀ ਚਮਕੌਰ ਸਾਹਿਬ ਨੇੜੇ ਬਣ ਰਹੀ ਪੇਪਰ ਮਿੱਲ ਖ਼ਿਲਾਫ਼ ਸੰਘਰਸ਼ ਕਰ ਰਹੇ ਸ੍ਰੀ ਚਮਕੌਰ ਸਾਹਿਬ ਮੋਰਚਾ ਦੇ ਆਗੂ ਖੁਸ਼ਇੰਦਰ ਸਿੰਘ ਜੰਡ ਸਾਹਿਬ ਆਪਣੀ ਕਾਰ ਵਿੱਚ ਦੇਰ ਸ਼ਾਮ ਨਿਊ ਚੰਡੀਗੜ੍ਹ ਦੇ ਰਸਤਿਓਂ ਚੰਡੀਗੜ੍ਹ ਤੋਂ ਕੁਰਾਲੀ ਵੱਲ ਆ ਰਹੇ ਸਨ। ਇਸੇ ਦੌਰਾਨ ਇੱਕ ਗੱਡੀ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ।
ਖੁਸ਼ਇੰਦਰ ਸਿੰਘ ਨੇ ਜਦੋਂ ਗੱਡੀ ਰੋਕ ਕੇ ਅਜਿਹਾ ਕਰਨ ਦਾ ਕਾਰਨ ਪੁੱਛਿਆ ਤਾਂ ਗੱਡੀ ਵਿੱਚ ਸਵਾਰ ਵਿਅਕਤੀ, ਜੋ ਕਿ ਭਾਜਪਾ ਦਾ ਸੀਨੀਅਰ ਆਗੂ ਦੱਸਿਆ ਜਾਂਦਾ ਹੈ, ਨੇ ਤਕਰਾਰ ਸ਼ੁਰੂ ਕਰ ਦਿੱਤੀ ਅਤੇ ਗਲਤੀ ਮੰਨਣ ਦੀ ਥਾਂ ਧਮਕਾਉਣਾ ਸ਼ੁਰੂ ਕਰ ਦਿੱਤਾ। ਗੱਲ ਥਾਣੇ ਪੁੱਜ ਗਈ। ਕੁਝ ਸਮੇਂ ਵਿੱਚ ਹੀ ਖੁਸ਼ਇੰਦਰ ਸਿੰਘ ਦੇ ਹੋਰ ਸਾਥੀ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਮਾਜਰੀ ਪੁੱਜ ਗਏ ਅਤੇ ਟੱਕਰ ਮਾਰਨ ਵਾਲਿਆਂ ਦੇ ਰਵੱਈਏ ਖ਼ਿਲਾਫ਼ ਮਾਜਰੀ ਚੌਕ ਵਿੱਚ ਧਰਨਾ ਲਾਇਆ।
ਖੁਸ਼ਿਵੰਦਰ ਸਿੰਘ ਨੇ ਦੱਸਿਆ ਕਿ ਆਗੂ ਨੇ ਗੰਨਮੈਨਾਂ ਦੀ ਧੌਂਸ ਦਿਖਾਈ ਅਤੇ ਹਥਿਆਰ ਦਿਖਾ ਕੇ ਡਰਾਉਣ ਦੀ ਕੋਸ਼ਿਸ਼ ਵੀ ਕੀਤੀ। ਖੁਸ਼ਿਵੰਦਰ ਸਿੰਘ ਨੇ ਦੱਸਿਆ ਕਿ ਇੱਥੋਂ ਤੱਕ ਕਿ ਉਸ ਨੂੰ ਥਾਣੇ ਵਿੱਚ ਵੀ ਪੁਲੀਸ ਮੁਲਾਜ਼ਮਾਂ ਦੇ ਸਾਹਮਣੇ ਧਮਕਾਇਆ। ਸੂਚਨਾ ਮਿਲਦਿਆਂ ਹੀ ਥਾਣਾ ਮਾਜਰੀ ਦੇ ਐੱਸ ਐੱਚ ਓ ਯੋਗੇਸ਼ ਕੁਮਾਰ ਮੌਕੇ ’ਤੇ ਪੁੱਜ ਗਏ। ਉਨ੍ਹਾਂ ਕਾਰਵਾਈ ਦਾ ਭਰੋਸਾ ਦਿੰਦਿਆਂ ਮੁਜ਼ਾਹਰਾਕਾਰੀਆਂ ਨੂੰ ਚੱਕਾ ਜਾਮ ਖੋਲ੍ਹਣ ਦੀ ਅਪੀਲ ਕੀਤੀ ਪਰ ਮੁਜ਼ਾਹਰਾਕਾਰੀ, ਧਰਮਕਾਉਣ ਵਾਲੇ ਆਗੂ ਦੇ ਮੌਕੇ ’ਤੇ ਪੁੱਜ ਕੇ ਗਲਤੀ ਦਾ ਅਹਿਸਾਸ ਕਰਨ ਤੱਕ ਧਰਨਾ ਜਾਰੀ ਰੱਖਣ ਅਤੇ ਚੱਕਾ ਜਾਮ ਨਾ ਖੋਲ੍ਹਣ ਦੀ ਜਿੱਦ ਉੱਤੇ ਡਟੇ ਰਹੇ। ਖ਼ਬਰ ਲਿਖੇ ਜਾਣ ਤੱਕ ਮਾਜਰੀ ਚੌਕ ਵਿੱਚ ਧਰਨਾ ਜਾਰੀ ਸੀ ਅਤੇ ਕੁਰਾਲੀ-ਸੀਸਵਾਂ-ਚੰਡੀਗੜ੍ਹ ਸੜਕ ’ਤੇ ਵਾਹਨਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ।
ਮਸਲਾ ਹੱਲ ਨਾ ਹੁੰਦਾ ਦੇਖ ਮੁਜ਼ਾਹਰਾਕਾਰੀਆਂ ਨੇ ਸੜਕ ’ਤੇ ਦਰੀਆਂ ਵਿਛਾ ਕੇ ਧਰਨਾ ਲਾ ਦਿੱਤਾ। ਇਸ ਦੌਰਾਨ ਅਕਾਲੀ ਆਗੂ ਰਵਿੰਦਰ ਸਿੰਘ ਖੇੜਾ, ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਹਰਮੇਸ਼ ਸਿੰਘ ਬੜੌਦੀ, ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਆਗੂ ਜੁਝਾਰ ਸਿੰਘ, ਨੌਜਵਾਨ ਆਗੂ ਮਨਦੀਪ ਸਿੰਘ ਖਿਜ਼ਰਾਬਾਦ, ‘ਆਪ’ ਦੇ ਬਲਾਕ ਮਾਜਰੀ ਦੇ ਕਈ ਆਗੂ ਮੌਕੇ ’ਤੇ ਪੁੱਜ ਗਏ ਅਤੇ ਮੁਜ਼ਾਹਰਾਕਾਰੀਆਂ ਦੇ ਹੱਕ ਵਿੱਚ ਡਟਣ ਦਾ ਐਲਾਨ ਕੀਤਾ।
ਥਾਣਾ ਮੁਖੀ ਯੋਗੇਸ਼ ਕੁਮਾਰ ਲਗਾਤਾਰ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਕੇ ਮਸਲਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸਨ।
