ਰੋਪੜ ਪੁਲੀਸ ਵਲੋਂ ਕੰਟਰੈਕਟ ਕਿਲਿੰਗ ਮਾਡਿਊਲ ਦਾ ਕੀਤਾ ਪਰਦਾਫਾਸ਼; 5 ਗ੍ਰਿਫ਼ਤਾਰ
ਮੁਕਾਬਲੇ ਤੋਂ ਬਾਅਦ ਕਾਬੂ ਕੀਤੇ ਮੁਲਜ਼ਮ; ਵਿਦੇਸ਼ੀ ਹੈਂਡਲਰਾਂ ਦੇ ਇਸ਼ਾਰੇ ’ਤੇ ਕਤਲ ਦੀ ਸੀ ਸਾਜ਼ਿਸ਼
ਰੋਪੜ ਪੁਲੀਸ ਨੇ ਵਿਦੇਸ਼ੀ ਸਬੰਧਾਂ ਵਾਲੇ ਇੱਕ ਵੱਡੇ ਕੰਟਰੈਕਟ ਕਿਲਿੰਗ ਦੇ ਮਾਡਿਊਲ ਨੂੰ ਨਾਕਾਮ ਕਰਦਿਆਂ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਚਮਕੌਰ ਸਾਹਿਬ ਦੇ ਪਿੰਡ ਰੋਲੂ ਮਾਜਰਾ ਵਿਖੇ ਹੋਈ, ਜਿੱਥੇ ਪੁਲੀਸ ਅਤੇ ਮੁਲਜ਼ਮਾਂ ਵਿਚਕਾਰ ਮੁਠਭੇੜ ਹੋਈ।
ਐਸ.ਐਸ.ਪੀ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਟਲੀ ਰਹਿੰਦੇ ਰਣਜੀਤ ਸਿੰਘ ਦੇ ਘਰ ਕੁਝ ਹਥਿਆਰਬੰਦ ਵਿਅਕਤੀ ਇਕੱਠੇ ਹੋਏ ਹਨ।
ਜਦੋਂ ਪੁਲੀਸ ਨੇ ਘੇਰਾਬੰਦੀ ਕੀਤੀ ਤਾਂ ਮੁਲਜ਼ਮਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਦੇ ਜਵਾਬ ਵਿੱਚ ਪੁਲੀਸ ਦੀ ਗੋਲੀ ਲੱਗਣ ਕਾਰਨ ਕਰਨਵੀਰ ਸਿੰਘ ਉਰਫ਼ ਕੰਵਾ ਜ਼ਖ਼ਮੀ ਹੋ ਗਿਆ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੂੰ ਰਣਜੀਤ ਸਿੰਘ ਦੇ ਕਤਲ ਦੀ ਸੁਪਾਰੀ ਦਿੱਤੀ ਗਈ ਸੀ, ਕਿਉਂਕਿ ਉਸਨੇ ਕੁਝ ਕੱਟੜਪੰਥੀ ਗਤੀਵਿਧੀਆਂ ਦਾ ਵਿਰੋਧ ਕੀਤਾ ਸੀ।
ਇਸ ਸਾਜ਼ਿਸ਼ ਦੇ ਤਾਰ ਯੂਨਾਨ (Greece) ਅਤੇ ਦੁਬਈ ਵਿੱਚ ਬੈਠੇ ਅਪਰਾਧੀਆਂ ਨਾਲ ਜੁੜੇ ਹੋਏ ਹਨ, ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਸਥਾਨਕ ਨੈੱਟਵਰਕ ਦੀ ਵਰਤੋਂ ਕੀਤੀ।
ਪੁਲੀਸ ਨੇ ਮੁਲਜ਼ਮਾਂ ਕੋਲੋਂ ਤਿੰਨ .32 ਬੋਰ ਪਿਸਤੌਲ, ਇੱਕ .315 ਬੋਰ ਦਾ ਦੇਸੀ ਕੱਟਾ ਅਤੇ ਭਾਰੀ ਮਾਤਰਾ ਵਿੱਚ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕਰਨਵੀਰ ਸਿੰਘ, ਅਕਾਸ਼ ਰਾਣਾ, ਵੰਸ਼ ਸ਼ੋਰੀ, ਗੁਰਕਮਲ ਸਿੰਘ ਅਤੇ ਕਰਨਦੀਪ ਸਿੰਘ ਵਜੋਂ ਹੋਈ ਹੈ।
ਪੁਲੀਸ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਯੂ.ਏ.ਪੀ.ਏ. (UAPA) ਦੀਆਂ ਧਾਰਾਵਾਂ ਵੀ ਲਗਾਈਆਂ ਹਨ ਅਤੇ ਹੁਣ ਹਥਿਆਰਾਂ ਦੀ ਸਪਲਾਈ ਚੇਨ ਅਤੇ ਵਿਦੇਸ਼ੀ ਆਕਾਵਾਂ ਦੀ ਪਛਾਣ ਕਰਨ ਲਈ ਜਾਂਚ ਤੇਜ਼ ਕਰ ਦਿੱਤੀ ਗਈ ਹੈ।

