ਅਕਾਲੀ ਦਲ ਵੱਲੋਂ ਬਰਖ਼ਾਸਤ ਕੀਤੀ Roop Kaur Sandhu ਪਹੁੰਚੀ DGP ਦਫ਼ਤਰ: ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਮਗਰੋਂ ਮੰਗੀ ਸੁਰੱਖਿਆ
ਪਾਰਟੀ ਵਿੱਚੋਂ ਬਰਖ਼ਾਸਤ ਕੀਤੇ ਜਾਣ ਨੂੰ ਦਿੱਤੀ ਚੁਣੌਤੀ; ਅਨੁਸ਼ਾਸਨੀ ਕਮੇਟੀ ਸਾਹਮਣੇ ਪੱਖ ਰੱਖਣ ਦਾ ਮੌਕਾ ਨਾ ਦੇਣ ਦਾ ਲਾਇਆ ਦੋਸ਼
Roop Kaur Sandhu: ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਰਖ਼ਾਸਤ ਕੀਤੇ ਜਾਣ ਤੋਂ ਇੱਕ ਦਿਨ ਬਾਅਦ, ਪਾਰਟੀ ਦੀ ਸਾਬਕਾ ਸੰਯੁਕਤ ਸਕੱਤਰ ਰੂਪ ਕੌਰ ਸੰਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਪੰਜਾਬ ਦੇ ਪੁਲੀਸ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਜਾਨ ਨੂੰ ਖ਼ਤਰਾ ਦੱਸਦਿਆਂ ਸੁਰੱਖਿਆ ਦੀ ਮੰਗ ਕੀਤੀ।
ਪਾਰਟੀ ਵਿੱਚੋਂ ਆਪਣੀ ਬਰਖ਼ਾਸਤਗੀ ਨੂੰ ਚੁਣੌਤੀ ਦਿੰਦਿਆਂ ਸੰਧੂ ਨੇ ਦੋਸ਼ ਲਾਇਆ ਕਿ ਇਹ ਕਾਰਵਾਈ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਅੱਗੇ ਪੇਸ਼ ਹੋਣ ਦਾ ਮੌਕਾ ਦਿੱਤੇ ਬਿਨਾਂ ਕੀਤੀ ਗਈ ਹੈ, ਜੋ ਕਿ ਪਾਰਟੀ ਦੇ ਸੰਵਿਧਾਨ ਦੀ ਉਲੰਘਣਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਅਕਾਲੀ ਦਲ ਦੀ ਰਸਮੀ ਮੈਂਬਰ ਹਨ ਅਤੇ ਉਨ੍ਹਾਂ ਨੇ ਆਪਣੇ ਖ਼ਿਲਾਫ਼ ਕੀਤੀ ਗਈ ਅਨੁਸ਼ਾਸਨੀ ਕਾਰਵਾਈ ਦੀ ਮਿਆਦ ’ਤੇ ਸਵਾਲ ਉਠਾਏ।
ਸੰਧੂ ਨੇ ਕਿਹਾ ਕਿ ਜਦੋਂ ਤੋਂ ਉਹ ਇੱਕ 'ਵ੍ਹਿਸਲਬਲੋਅਰ' (ਭੇਦ ਖੋਲ੍ਹਣ ਵਾਲੀ) ਬਣੀ ਹੈ, ਉਦੋਂ ਤੋਂ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਅਨੁਸਾਰ, ਸੋਸ਼ਲ ਮੀਡੀਆ ’ਤੇ ਮਾਮਲਾ ਸਾਹਮਣੇ ਲਿਆਉਣ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਅਣਪਛਾਤੇ ਨੰਬਰਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਲੱਗੀਆਂ, ਜਿਸ ਵਿੱਚ ਵਿਦੇਸ਼ਾਂ ਵਿੱਚ ਬੈਠਣ ਦਾ ਦਾਅਵਾ ਕਰਨ ਵਾਲੇ ਵਿਅਕਤੀਆਂ ਦੇ ਫ਼ੋਨ ਵੀ ਸ਼ਾਮਲ ਹਨ।
ਬੀਤੇ 19 ਸਤੰਬਰ ਨੂੰ ਰੂਪ ਕੌਰ ਸੰਧੂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸਰਾਂ ਵਿਖੇ ਵਾਪਰੀ ਘਟਨਾ ਦੇ ਸਬੰਧ ਵਿੱਚ ਵਿਰਸਾ ਸਿੰਘ ਵਲਟੋਆ, ਚਾਵਲਾ ਖ਼ਿਲਾਫ਼ ਦਰਜ ਐੱਫ.ਆਈ.ਆਰ. ਦੇ ਦੋਸ਼ਾਂ ਨੂੰ ਦੁਹਰਾਉਂਦਿਆਂ ਬਹਿਰੀਨ ਦੀ ਇੱਕ ਮਹਿਲਾ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਸੁਰੱਖਿਆ ਬਾਰੇ ਗੱਲ ਕਰਨ ਤੋਂ ਇਲਾਵਾ ਉਨ੍ਹਾਂ ਨੇ ਡੀਜੀਪੀ ਨਾਲ ਕਥਿਤ ਜਬਰ-ਜਨਾਹ ਕੇਸ ਬਾਰੇ ਵੀ ਚਰਚਾ ਕੀਤੀ।
ਸੰਧੂ ਨੇ ਅੱਗੇ ਦਾਅਵਾ ਕੀਤਾ ਕਿ ਕਈ ਸਿਆਸੀ ਪਾਰਟੀਆਂ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਆਪਣੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਹੈ, ਪਰ ਉਹ ਸਿਰਫ਼ ਉਸੇ ਪਾਰਟੀ ਨਾਲ ਜੁੜਨਗੇ ਜਿਸ ਦੀ ਅਗਵਾਈ ਪੰਥਕ ਹੋਵੇ।
ਅਕਾਲੀ ਦਲ ਦੇ ਅੰਦਰੂਨੀ ਘਟਨਾਕ੍ਰਮ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਵਿੱਚ ਕੁਝ ਅਜਿਹੇ ਵਿਅਕਤੀ ਹਨ ਜੋ ਨਹੀਂ ਚਾਹੁੰਦੇ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣਨ।
ਸੋਮਵਾਰ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸੰਧੂ ਨੇ ਦਾਅਵਾ ਕੀਤਾ ਸੀ ਕਿ ਬਹਿਰੀਨ ਦੀ ਮਹਿਲਾ ਦੇ ਦੋਸ਼ ਜਨਤਕ ਹੋਣ ਤੋਂ ਬਾਅਦ ਕਈ ਹੋਰ ਔਰਤਾਂ ਨੇ ਵੀ ਉਨ੍ਹਾਂ ਨਾਲ ਸੰਪਰਕ ਕੀਤਾ ਹੈ ਅਤੇ ਆਪਣੇ ਨਾਲ ਵਾਪਰੀਆਂ ਅਜਿਹੀਆਂ ਹੀ ਘਟਨਾਵਾਂ ਸਾਂਝੀਆਂ ਕੀਤੀਆਂ ਹਨ।

