ਮੁਕੇਸ਼ ਕੁਮਾਰ
ਚੰਡੀਗੜ੍ਹ, 29 ਜਨਵਰੀ
ਚੰਡੀਗੜ੍ਹ ਦੇ ਮੇਅਰ ਅਨੂਪ ਗੁਪਤਾ ਨੇ ਅੱਜ ਇੱਥੇ ਡੱਡੂਮਾਜਰਾ ਸਥਿਤ ਡੰਪਿੰਗ ਗਰਾਊਂਡ ‘ਚ ਪੁਰਾਣੀ ਰਹਿੰਦ-ਖੂੰਹਦ ਦੀ ਬਾਇਓ ਮਾਈਨਿੰਗ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇਸ ਮੌਕੇ ਨਗਰ ਨਿਗਮ ਦੇ ਚੀਫ਼ ਇੰਜਨੀਅਰ ਐਨਪੀ ਸ਼ਰਮਾ ਅਤੇ ਪ੍ਰਾਜੈਕਟ ਦੇ ਹੋਰ ਸਬੰਧਤ ਅਧਿਕਾਰੀਆਂ ਨੇ ਮੇਅਰ ਅਨੂਪ ਗੁਪਤਾ ਨੂੰ ਇਸ ਪ੍ਰਾਜੈਕਟ ਦੀ ਤਾਜ਼ਾ ਸਥਿਤੀ ਬਾਰੇ ਜਾਣੂ ਕਰਵਾਇਆ। ਮੇਅਰ ਅਨੂਪ ਗੁਪਤਾ ਨੇ ਪ੍ਰਾਜੈਕਟ ਦੇ ਸਬੰਧਤ ਇੰਜਨੀਅਰਾਂ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ। ਉਨ੍ਹਾਂ ਸਬੰਧਤ ਇੰਜਨੀਅਰਾਂ ਨੂੰ ਬਰਸਾਤ ਦੇ ਮੌਸਮ ਦੌਰਾਨ ਇੱਥੇ ਡੰਪਿੰਗ ਗਰਾਊਂਡ ਵਿੱਚ ਡੰਪ ਕੀਤੇ ਜਾਣ ਵਾਲੀ ਰਹਿੰਦ-ਖੂੰਹਦ ਦੀ ਪ੍ਰੋਸੈਸਿੰਗ ਦੇ ਬਦਲਵੇਂ ਪ੍ਰਬੰਧ ਕਰਨ ਲਈ ਕਿਹਾ ਅਤੇ ਆਉਣ ਵਾਲੀਆਂ ਗਰਮੀਆਂ ਤੱਕ ਇਹ ਕੰਮ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਮੇਅਰ ਨੇ ਦੱਸਿਆ ਕਿ ਡੰਪਿੰਗ ਗਰਾਊਂਡ ਵਿੱਚ 8 ਏਕੜ ਰਕਬੇ ਵਿੱਚ ਫੈਲੀ ਰਹਿੰਦ ਖੂੰਹਦ ਦੀ ਸਾਈਟ ਦੀ ਬਾਇਓ ਮਾਈਨਿੰਗ ਦਾ ਕੰਮ ਪਿਛਲੇ ਸਾਲ 24 ਨਵੰਬਰ ਨੂੰ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰਾਜੈਕਟ ਨੂੰ ਸ਼ੁਰੂ ਹੋਣ ਦੀ ਮਿਤੀ ਤੋਂ 43 ਮਹੀਨਿਆਂ ਵਿੱਚ ਪੂਰਾ ਕਰਨ ਦਾ ਟੀਚਾ ਮਿੱਥਿਆ ਗਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਹ ਪ੍ਰਾਜੈਕਟ ਇਸ ਸਾਲ ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ। ਮੇਅਰ ਨੇ ਅੱਗੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਸ਼ਹਿਰ ਵਾਸੀਆਂ ਨੂੰ ਕੂੜੇ ਦੇ ਡੰਪ ਵਿੱਚੋਂ ਆਉਣ ਵਾਲੀ ਬਦਬੂ ਅਤੇ ਕੂੜੇ ਤੋਂ ਵੱਡੀ ਰਾਹਤ ਮਿਲੇਗੀ।
ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮਿਸ਼ਨ ਦਾ ਕੰਮ ਉਦੋਂ ਤੱਕ ਸਿਰੇ ਨਹੀਂ ਚੜ੍ਹ ਸਕਦਾ ਜਦੋਂ ਤੱਕ ਨਗਰ ਨਿਗਮ ਠੋਸ ਕੂੜੇ ਦੇ ਵਿਗਿਆਨਕ ਤਰੀਕੇ ਨਾਲ ਨਿਪਟਾਰੇ ਨੂੰ ਯਕੀਨੀ ਨਹੀਂ ਬਣਾ ਲੈਂਦੀ। ਮੇਅਰ ਅਤੇ ਇੰਜਨੀਅਰਾਂ ਦੀ ਟੀਮ ਨੇ ਨਵੇਂ ‘ਸੈਨੇਟਰੀ ਲੈਂਡਫਿਲ’ ਖੇਤਰ ‘ਤੇ ਕੰਮ ਦਾ ਜਾਇਜ਼ਾ ਲਿਆ, ਜਿਸ ਨੂੰ ਮਿਉਂਸਿਪਲ ਠੋਸ ਕੂੜੇ ਦੇ ਵਿਗਿਆਨਕ ਤਰੀਕੇ ਨਾਲ ਨਿਬੇੜੇ ਲਈ ਵਿਕਸਿਤ ਕੀਤਾ ਗਿਆ ਹੈ। ਮੇਅਰ ਨੇ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਨ ਕਿ ਕੋਈ ਇਥੇ ਹੋਰ ਕੂੜੇ ਦਾ ਡੰਪ ਨਾ ਆਵੇ ਅਤੇ ਇਸ ਲਈ ਨਗਰ ਨਿਗਮ 100 ਫੀਸਦੀ ਨਵੇਂ ਕੂੜੇ ਦੀ ਪ੍ਰੋਸੈਸਿੰਗ ਲਈ ਕੰਮ ਕਰ ਰਿਹਾ ਹੈ।