ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਮਾਰਚ
ਇੱਥੋਂ ਦੀ ਡੱਡੂ ਮਾਜਰਾ ਕਲੋਨੀ ਵਿਚ ‘ਮੇਰੀ ਉਡਾਣ ਵੈੱਲਫੇਅਰ ਫਾਊਂਡੇਸ਼ਨ ਚੰਡੀਗੜ੍ਹ’ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਧੀਆ ਕੰਮ ਕਰਨ ਵਾਲੀਆਂ ਅਤੇ ਮਾੜੇ ਹਾਲਾਤ ਦੇ ਬਾਵਜੂਦ ਦ੍ਰਿੜ੍ਹ ਇਰਾਦੇ ਨਾਲ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਵਾਲੀਆਂ ਮਹਿਲਾਵਾਂ ਦਾ ਸਨਮਾਨਿਤ ਕੀਤਾ ਗਿਆ।
ਸਮਾਗਮ ਵਿੱਚ ਨਿਗਮ ਕੌਂਸਲਰ ਪੂਨਮ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਸੰਸਥਾ ਦੀ ਸੰਸਥਾਪਕ ਅਤੇ ਕੌਮੀ ਪ੍ਰਧਾਨ ਮੋਨਾ ਘਾਰੂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਸੰਸਥਾ ਵੱਲੋਂ ਨਰਸ ਮੀਨੂੰ ਰਾਣਾ, ਐਡਵੋਕੇਟ ਵੰਦਨਾ, ਸਮਾਜ ਸੇਵੀਆਂ ਵਿੱਚੋਂ ਸੁਨੀਤਾ, ਬਬੀਤਾ ਗੋਗੀਆ, ਪ੍ਰੋ. ਨਵਨੀਤ ਕੌਰ, ਕਾਰਪੋਰੇਟ ਖੇਤਰ ਤੋਂ ਨੀਤੂ ਧੀਮਾਨ ਦਾ ਸਨਮਾਨਿਤ ਕੀਤਾ। ਫਾਊਂਡੇਸ਼ਨ ਦੀ ਕੌਮੀ ਪ੍ਰਧਾਨ ਮੋਨਾ ਘਾਰੂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਮਹਿਲਾਵਾਂ ਹਰ ਖੇਤਰ ਵਿੱਚ ਅੱਗੇ ਵਧ ਕੇ ਕੰਮ ਕਰ ਰਹੀਆਂ ਹਨ। ਇਸ ਦੇ ਬਾਵਜੂਦ ਸਮਾਜ ਵੱਲੋਂ ਔਰਤਾਂ ਨਾਲ ਭੇਦਭਾਵ ਕੀਤਾ ਜਾਂਦਾ ਹੈ। ਉਨ੍ਹਾਂ ਔਰਤਾਂ ਨੂੰ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ‘ਮੇਰੀ ਉਡਾਣ ਵੈੱਲਫੇਅਰ ਫਾਊਂਡੇਸ਼ਨ’ ਵੱਲੋਂ ਭਵਿੱਖ ਵਿੱਚ ਵੀ ਵਧੀਆ ਕੰਮ ਕਰਨ ਵਾਲੀਆਂ ਔਰਤਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਜਾਂਦੀ ਰਹੇਗੀ।
ਮਹਿਲਾ ਸ਼ਕਤੀਕਰਨ ਵਿਸ਼ੇ ’ਤੇ ਸੈਮੀਨਾਰ
ਐੱਸ.ਏ.ਐੱਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਇੱਥੋਂ ਦੇ ਫੇਜ਼-7 ਸਥਿਤ ਬ੍ਰਹਮਕੁਮਾਰੀ ਸੁੱਖ-ਸ਼ਾਂਤੀ ਭਵਨ ਵਿਖੇ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਮਹਿਲਾ ਸ਼ਕਤੀਕਰਨ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਪੰਜਾਬ ਦੀ ਗ੍ਰਹਿ ਸਕੱਤਰ ਬਲਦੀਪ ਕੌਰ ਮੁੱਖ ਮਹਿਮਾਨ ਸਨ ਜਦੋਂਕਿ ਸਮਾਗਮ ਦੀ ਪ੍ਰਧਾਨਗੀ ਮੁਹਾਲੀ-ਰੂਪਨਗਰ ਖੇਤਰ ਦੇ ਕੇਂਦਰਾਂ ਦੀ ਇੰਚਾਰਜ ਬ੍ਰਹਮਕੁਮਾਰੀ ਪ੍ਰੇਮਲਤਾ ਨੇ ਕੀਤੀ। ਇਸ ਮੌਕੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮਨਦੀਪ ਮਿੱਤਲ, ਪੰਜਾਬ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਪਰਮਜੀਤ ਕੌਰ ਲਾਂਡਰਾਂ, ਡਾ. ਬੀਆਰ ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਮੁਹਾਲੀ ਦੀ ਅਸਿਸਟੈਂਟ ਪ੍ਰੋਫੈਸਰ ਡਾ. ਜਪਲੀਨ ਕੌਰ, ਸਾਹਿਤਕਾਰ ਸਰਬਜੀਤ ਕੌਰ ਸੋਹਲ ਵਿਸ਼ੇਸ਼ ਮਹਿਮਾਨ ਸਨ।