ਸਵਿੱਤਰੀ ਗ੍ਰੀਨਜ਼ ਸੁਸਾਇਟੀ ਵਾਸੀਆਂ ਵੱਲੋਂ ਰੋਸ ਮੁਜ਼ਾਹਰਾ

ਸਵਿੱਤਰੀ ਗ੍ਰੀਨਜ਼ ਸੁਸਾਇਟੀ ਵਾਸੀਆਂ ਵੱਲੋਂ ਰੋਸ ਮੁਜ਼ਾਹਰਾ

ਸਵਿੱਤਰੀ ਗ੍ਰੀਨਜ਼ ਸੁਸਾਇਟੀ ਦੇ ਵਸਨੀਕ ਪ੍ਰਬੰਧਕਾਂ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦੇ ਹੋਏ। ਫੋਟੋ: ਰੂਬਲ

ਹਰਜੀਤ ਸਿੰਘ

ਜ਼ੀਰਕਪੁਰ, 20 ਜੂਨ

ਇੱਥੋਂ ਦੀ ਵੀਆਈਪੀ ਰੋਡ ’ਤੇ ਸਥਿਤ ਵਿਧਾਇਕ ਐੱਨ ਕੇ ਸ਼ਰਮਾ ਦੀ ਸੁਸਾਇਟੀ ਸਵਿੱਤਰੀ ਗ੍ਰੀਨਜ਼ ਵਸਨੀਕਾਂ ਨੇ ਬਿਲਡਰ ’ਤੇ ਵਾਅਦਾਖ਼ਿਲਾਫ਼ੀ ਦੇ ਦੋਸ਼ ਲਾਉਂਦਿਆਂ ਮੁਜ਼ਾਹਰਾ ਕੀਤਾ। ਇਸ ਦੌਰਾਨ ਸਵਿੱਤਰੀ ਗ੍ਰੀਨਜ਼ ਪ੍ਰੋਗਰੈਸਿਵ ਐਸੋਸੀਏਸ਼ਨ ਦੇ ਬੈਨਰ ਹੇਠ ਬਿਲਡਰ ਵੱਲੋਂ ਪ੍ਰਬੰਧਕਾਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਦੋਸ਼ ਲਾਇਆ ਗਿਆ ਕਿ ਵਾਅਦੇ ਮੁਤਾਬਕ ਪੂਰੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਹਨ। ਮੁਜ਼ਾਹਰਾਕਾਰੀਆਂ ਵੱਲੋਂ ਆਪਣੇ ਹੱਥ ਵਿੱਚ ਮੰਗਾਂ ਸਬੰਧੀ ਬੈਨਰ ਫੜ ਕੇ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਸੁਸਾਇਟੀ ਵਾਸੀਆਂ ਨੇ ਕਿਹਾ ਕਿ ਉਹ ਸੁਸਾਇਟੀ ਵਿੱਚ ਆ ਰਹੀ ਸਮੱਸਿਆਵਾਂ ਸਬੰਧੀ ਕਈ ਵਾਰ ਪ੍ਰਬੰਧਕਾਂ ਨਾਲ ਮੀਟਿੰਗ ਕਰਨ ਤੋਂ ਇਲਾਵਾ ਲਿਖਤੀ ਸ਼ਿਕਾਇਤਾਂ ਕਰ ਚੁੱਕੇ ਹਨ ਪਰ ਉਹ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ ਹਨ।

ਇਸ ਬਾਰੇ ਸਵਿੱਤਰੀ ਗ੍ਰੀਨਜ਼ ਪ੍ਰੋਗਰੈਸਿਵ ਐਸੋਸੀਏਸ਼ਨ ਦੇ ਪ੍ਰਧਾਨ ਆਰ.ਐੱਸ. ਦਹੀਆ, ਸਕੱਤਰ ਮੰਗਤ ਰਾਮ ਪਾਸੀ, ਐਲ.ਆਰ. ਕੌਸ਼ਿਕ ਅਤੇ ਜੇ ਕੇ ਗੁਲਾਟੀ ਸਣੇ ਵੱਡੀ ਗਿਣਤੀ ਵਸਨੀਕਾਂ ਨੇ ਦੱਸਿਆ ਕਿ ਲੱਖਾਂ ਰੁਪਏ ਖਰਚ ਕਰ ਉਨ੍ਹਾਂ ਨੇ ਇੱਥੇ ਫਲੈਟ ਖਰੀਦੇ ਹਨ ਪਰ ਉਹ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਇੱਥੇ ਸਭ ਤੋਂ ਵੱਡੀ ਸਮੱਸਿਆ ਸੀਵਰੇਜ ਦੀ ਹੈ। ਸੀਵਰੇਜ ਦੇ ਪਾਣੀ ਦੀ ਬੇਸਮੈਂਟ ਦੇ ਥੱਲਿਓਂ ਨਿਕਾਸੀ ਹੁੰਦੀ ਹੈ। ਇਹ ਪਾਣੀ ਬਿਜਲੀ ਦੇ ਬਕਸਿਆਂ ਥੱਲਿਓਂ ਨਿਕਲਣ ਕਾਰਨ ਇੱਥੇ ਹਰ ਵੇਲੇ ਵੱਡੇ ਹਾਦਸੇ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇੱਥੇ ਸੀਵਰੇਜ ਦਾ ਦੂਸ਼ਿਤ ਪਾਣੀ ਟ੍ਰੀਟ ਕਰਨ ਲਈ ਲਾਇਆ ਟ੍ਰੀਟਮੈਂਟ ਪਲਾਂਟ ਫੇਲ੍ਹ ਹੋ ਚੁੱਕਿਆ ਹੈ। ਇੱਥੇ ਮੈਂਟੀਨੈਂਸ ਨਾਂ ਦੀ ਕੋਈ ਚੀਜ਼ ਨਹੀਂ ਤੇ ਸਫ਼ਾਈ ਦਾ ਬੁਰਾ ਹਾਲ ਹੈ। ਪਾਰਕਾਂ ਦੀ ਦੇਖ-ਰੇਖ ਨਾ ਹੋਣ ਕਾਰਨ ਉਨ੍ਹਾਂ ਦੀ ਹਾਲਤ ਖਸਤਾ ਹੋ ਗਈ ਹੈ। ਸੁਸਾਇਟੀ ਵਿੱਚ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਤੇ ਆਉਣ-ਜਾਣ ਵਾਲੇ ਵਿਅਕਤੀ ਤੋਂ ਕੋਈ ਪੁੱਛਗਿਛ ਨਹੀਂ ਕੀਤੀ ਜਾਂਦੀ। ਉਨ੍ਹਾਂ ਦੋਸ਼ ਲਾਇਆ ਕਿ ਬਿਲਡਰ ਵੱਲੋਂ ਕਲੱਬ ਦੀ ਮੈਂਬਰਸ਼ਿਪ ਦੇ ਨਾਂ ’ਤੇ 50 ਹਜ਼ਾਰ ਰੁਪਏ ਵਸੂਲੇ ਗਏ ਹਨ ਪਰ ਹੁਣ ਕਲੱਬ ਹਾਊਸ ਨੂੰ ਬੈਂਕਟ ਹਾਲ ਦੱਸ ਕੇ ਪ੍ਰਤੀ ਫਲੈਟ 21 ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ।

ਯਾਦਵਿੰਦਰ ਸ਼ਰਮਾ ਨੇ ਦੋਸ਼ ਨਕਾਰੇ

ਵਿਧਾਇਕ ਐੱਨ ਕੇ ਸ਼ਰਮਾ ਦੇ ਛੋਟੇ ਭਰਾ ਅਤੇ ਕੌਂਸਲਰ ਯਾਦਵਿੰਦਰ ਸ਼ਰਮਾ (ਪ੍ਰਾਜੈਕਟ ਦੇ ਡਾਇਰੈਕਟਰ) ਨੇ ਕਿਹਾ ਕਿ ਵਾਅਦੇ ਮੁਤਾਬਕ ਹਰੇਕ ਸਹੂਲਤ ਦਿੱਤੀ ਜਾ ਰਹੀ ਹੈ ਜਿਸ ਤੋਂ ਜ਼ਿਆਦਾਤਰ ਸੁਸਾਇਟੀ ਦੇ ਵਸਨੀਕ ਖ਼ੁਸ਼ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਗਿਣਤੀ ਦੇ ਲੋਕ ਸਿਆਸਤ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ’ਤੇ ਝੂਠੇ ਦੋਸ਼ ਲਾ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All