ਸਿਟੀ ਬਿਊਟੀਫੁੱਲ ਦੀ ਜੂਹ ’ਤੇ ਪੈਂਦੇ ਰਾਏਪੁਰ ਖੁਰਦ ਵਾਸੀ ਟੁੱਟੀਆਂ ਸੜਕਾਂ ਤੋਂ ਪ੍ਰੇਸ਼ਾਨ : The Tribune India

ਸਿਟੀ ਬਿਊਟੀਫੁੱਲ ਦੀ ਜੂਹ ’ਤੇ ਪੈਂਦੇ ਰਾਏਪੁਰ ਖੁਰਦ ਵਾਸੀ ਟੁੱਟੀਆਂ ਸੜਕਾਂ ਤੋਂ ਪ੍ਰੇਸ਼ਾਨ

ਸਿਟੀ ਬਿਊਟੀਫੁੱਲ ਦੀ ਜੂਹ ’ਤੇ ਪੈਂਦੇ ਰਾਏਪੁਰ ਖੁਰਦ ਵਾਸੀ ਟੁੱਟੀਆਂ ਸੜਕਾਂ ਤੋਂ ਪ੍ਰੇਸ਼ਾਨ

ਪਿੰਡ ਰਾਏਪੁਰ ਖੁਰਦ ਦੀਆਂ ਖਸਤਾ ਹਾਲ ਸੜਕਾਂ।

ਆਤਿਸ਼ ਗੁਪਤਾ

ਚੰਡੀਗੜ੍ਹ, 4 ਦਸੰਬਰ

ਚੰਡੀਗੜ੍ਹ ਨਗਰ ਨਿਗਮ ਵੱਲੋਂ ਸ਼ਹਿਰ ਨੂੰ ਸਮਾਰਟ ਸਿਟੀ ਦਾ ਦਰਜਾ ਦਿਵਾਉਣ ਦੇ ਦਗਮਜੇ ਮਾਰੇ ਜਾਂਦੇ ਹਨ ਪਰ ਸਿਟੀ ਬਿਊਟੀਫੁੱਲ ਦੇ ਪਿੰਡ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ। ਜ਼ੀਰਕਪੁਰ ਤੋਂ ਚੰਡੀਗੜ੍ਹ ਦਾਖ਼ਲ ਹੋਣ ਸਮੇਂ ਹੱਦ ’ਤੇ ਪੈਂਦੇ ਸਿਟੀ ਬਿਊਟੀਫੁੱਲ ਦੇ ਪਹਿਲੇ ਪਿੰਡ ਰਾਏਪੁਰ ਖੁਰਦ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਹੈ। ਪਿੰਡ ਦੀਆਂ ਟੁੱਟੀਆਂ ਸੜਕਾਂ ਅਤੇ ਸੀਵਰੇਜ ਦੀ ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਹੀ ਨਹੀਂ ਰਾਏਪੁਰ ਖੁਰਦ ਦੇ ਕੁਝ ਘਰਾਂ ਵੱਲੋਂ ਸੀਵਰੇਜ ਦਾ ਪਾਣੀ ਸੁਖਨਾ ਚੋਅ ਵਿੱਚ ਸੁੱਟਿਆ ਜਾ ਰਿਹਾ ਹੈ, ਜਿਸ ਸਬੰਧੀ ਯੂਟੀ ਪ੍ਰਸ਼ਾਸਨ ਨੇ ਇਨ੍ਹਾਂ ਘਰਾਂ ਨੂੰ ਨੋਟਿਸ ਵੀ ਜਾਰੀ ਕੀਤੇ ਹਨ।

ਪਿੰਡ ਰਾਏਪੁਰ ਖੁਰਦ ਵਿੱਚ ਸਥਿਤ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਬਾਹਰ ਦੁਧਾਰੂ ਪਸ਼ੂਆਂ ਕਰਕੇ ਸਫ਼ਾਈ ਦੀ ਵੱਡੀ ਸਮੱਸਿਆ ਬਣੀ ਹੋਈ ਹੈ। ਪਿੰਡ ਵਿੱਚ ਸਹੀ ਢੰਗ ਨਾਲ ਸਫ਼ਾਈ ਨਾ ਹੋਣ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਪਿੰਡ ਦੀ 12 ਹਜ਼ਾਰ ਤੋਂ ਵੱਧ ਆਬਾਦੀ ਹੈ। ਅਜਿਹੇ ਹਾਲਾਤ ਵਿੱਚ ਸਾਰੇ ਲੋਕਾਂ ਨੂੰ ਨਗਰ ਨਿਗਮ ਦੀ ਅਣਦੇਖੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ, ਪਿੰਡ ਵਿੱਚ ਕਈ ਥਾਵਾਂ ’ਤੇ ਸੀਵਰੇਜ ਦੀਆਂ ਨਵੀਂਆਂ ਲਾਈਨਾਂ ਪਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਸੜਕਾਂ ਪੁੱਟੀਆਂ ਹੋਣ ਕਾਰਨ ਲੋਕਾਂ ਨੂੰ ਲੰਘਣਾ ਮੁਸ਼ਕਲ ਹੋ ਰਿਹਾ ਹੈ। ਇਸ ਇਲਾਕੇ ਦੇ ਵਸਨੀਕ ਸ਼ੇਰ ਸਿੰਘ, ਸੰਦ, ਅਸ਼ੋਕ ਕੁਮਾਰ ਨੇ ਦੱਸਿਆ ਕਿ ਪਿੰਡ ਦੀਆਂ ਸੜਕਾਂ ਦੀ ਹਾਲਤ ਖਸਤਾ ਹੋਣ ਕਾਰਨ ਰਿਸ਼ਤੇਦਾਰ ਘਰ ਆਉਣ ਤੋਂ ਗੁਰੇਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਸਮਾਂ ਮੀਂਹ ਪੈਣ ਤੋਂ ਬਾਅਦ ਗਲੀਆਂ ਦੀ ਹਾਲਤ ਹੋਰ ਵੀ ਖਸਤਾ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਸੀਵਰੇਜ ਲਾਈਨ ਪਾਉਣ ਦੇ ਨਾਮ ’ਤੇ ਥਾਂ-ਥਾਂ ਸੜਕਾਂ ਪੁੱਟ ਦਿੱਤੀਆਂ ਗਈਆਂ ਹਨ, ਜੋ ਕਈ ਦਿਨ ਬੀਤ ਜਾਣ ਦੇ ਬਾਵਜੂਦ ਠੀਕ ਨਹੀਂ ਕੀਤੀਆਂ ਗਈਆਂ। ਪਿੰਡ ਵਿੱਚ ਦਾਖ਼ਲੇ ਸਮੇਂ ਵੀ ਲੱਗੇ ਗੰਦਗੀ ਦੇ ਢੇਰ ਕਰਕੇ ਦੇਰ-ਰਾਤ ਆਉਣ-ਜਾਣ ਵਾਲਿਆਂ ਨੂੰ ਸੁਰੱਖਿਆ ਪ੍ਰਬੰਧਾਂ ਦੀ ਘਾਟ ਮਹਿਸੂਸ ਕਰਦੇ ਹਨ। ਇਲਾਕਾ ਵਾਸੀਆਂ ਨੇ ਮੰਗ ਕੀਤੀ ਕਿ ਪਿੰਡ ਰਾਏਪੁਰ ਖੁਰਦ ਦੀਆਂ ਸੜਕਾਂ ਨੂੰ ਜਲਦ ਬਣਾਇਆ ਜਾਵੇ ਅਤੇ ਸੀਵਰੇਜ ਸਿਸਟਮ ਨੂੰ ਠੀਕ ਕੀਤਾ ਜਾਵੇ।

ਸੀਵਰੇਜ ਲਾਈਨਾਂ ਪੈਣ ਤੋਂ ਬਾਅਦ ਸੜਕਾਂ ਬਣਨਗੀਆਂ: ਹਰਜੀਤ ਸਿੰਘ

ਵਾਰਡ ਨੰਬਰ-8 ਦੇ ਕੌਂਸਲਰ ਹਰਜੀਤ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਸੀਵਰੇਜ ਅਤੇ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਨਵੀਂ ਪਾਈਪ ਲਾਈਨ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨਾਂ ਵਿੱਚ ਸੀਵਰੇਜ ਲਾਈਨ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਹੀ ਸੜਕਾਂ ਬਣਾਉਣ ਦਾ ਕੰਮ ਕੀਤਾ ਜਾਵੇਗਾ ਤਾਂ ਜੋ ਮੁੜ-ਮੁੜ ਸੜਕਾਂ ਦੀ ਭੰਨ-ਤੋੜ ਨਾ ਕਰਨੀ ਪਵੇ। ਕੌਂਸਲਰ ਨੇ ਦੱਸਿਆ ਕਿ ਸੜਕਾਂ ਬਣਾਉਣ ਲਈ ਵੀ ਨਗਰ ਨਿਗਮ ਨੇ ਬਜਟ ਪਾਸ ਕਰ ਦਿੱਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All