ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 24 ਸਤੰਬਰ
ਇੱਥੋਂ ਦੇ ਪ੍ਰੀਤ ਸਿਟੀ ਹਾਊਸਿੰਗ ਸੁਸਾਇਟੀ ਸੈਕਟਰ-86 ਦੇ ਬਾਸ਼ਿੰਦਿਆਂ ਨੇ ਬਿਲਡਰ ’ਤੇ ਬੁਨਿਆਦੀ ਸਹੂਲਤਾਂ ਮੁਹੱਈਆ ਨਾ ਕਰਵਾਉਣ ਦਾ ਦੋਸ਼ ਲਾਇਆ ਹੈ। ਪੀੜਤਾਂ ਨੇ ਕਿਹਾ ਕਿ ਕਰੋੜਾਂ ਰੁਪਏ ਖ਼ਰਚ ਕਰਨ ਦੇ ਬਾਵਜੂਦ ਉਹ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ। ਮੁਹਾਲੀ ਪ੍ਰੈਸ ਕਲੱਬ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਪ੍ਰੀਤ ਸਿਟੀ ਹਾਊਸਿੰਗ ਸੁਸਾਇਟੀ ਦੇ ਪ੍ਰਧਾਨ ਦਲਜੀਤ ਸਿੰਘ, ਮੀਤ ਪ੍ਰਧਾਨ ਸਤਨਾਮ ਸਿੰਘ ਅਤੇ ਜਨਰਲ ਸਕੱਤਰ ਸੰਜੈ ਗੁਪਤਾ ਨੇ ਕਿਹਾ ਕਿ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨਿਕ ਪੱਧਰ ਦੇ ਅਧਿਕਾਰੀਆਂ ਅਤੇ ਮੰਤਰੀਆਂ ਅਤੇ ਹੋਰ ਸਿਆਸੀ ਆਗੂਆਂ ਨੂੰ ਮਿਲ ਕੇ ਆਪਣਾ ਦੁੱਖੜਾ ਸੁਣਾ ਚੁੱਕੇ ਹਨ ਪ੍ਰੰਤੂ ਇਸ ਦੇ ਬਾਵਜੂਦ ਲੋੜ ਅਨੁਸਾਰ ਬਿਜਲੀ-ਪਾਣੀ ਵੀ ਨਹੀਂ ਮਿਲ ਰਿਹਾ ਹੈ। ਸੈਕਟਰ ਵਾਸੀਆਂ ਨੇ ਦੱਸਿਆ ਕਿ ਸੁਸਾਇਟੀ ਵਿੱਚ ਕੁੱਲ 1200 ਪਲਾਟਾਂ ’ਚੋਂ 250 ਤੋਂ ਵੱਧ ਮਕਾਨਾਂ ਨੂੰ ਬਿਜਲੀ ਦੇ ਕੁਨੈਕਸ਼ਨ ਨਹੀਂ ਦਿੱਤੇ ਜਾ ਰਹੇ। ਬਿਜਲੀ ਦਾ ਕੁਨੈਕਸ਼ਨ ਦੇਣ ਲਈ ਬਿਲਡਰ 30 ਤੋਂ 50 ਹਜ਼ਾਰ ਰੁਪਏ ਐਨਓਸੀ ਦੇਣ ਦੀ ਮੰਗ ਕਰ ਰਹੇ ਹਨ।
ਸੁਸਾਇਟੀ ਮੈਂਬਰ ਰਾਜਵਿੰਦਰ ਕੌਰ ਨੇ ਕਿਹਾ ਕਿ ਉਹ ਲੱਖਾਂ ਰੁਪਏ ਖ਼ਰਚ ਕੇ ਵੀ ਹਨੇਰੇ ਵਿੱਚ ਰਹਿ ਰਹੀ ਹੈ। ਉਲਟਾ ਗਮਾਡਾ ਉਸ ਨੂੰ ਪਲਾਟ ਖਾਲੀ ਕਰਨ ਲਈ ਨੋਟਿਸ ਭੇਜ ਰਿਹਾ ਹੈ।
ਦੂਜੇ ਪਾਸੇ, ਬਿਲਡਰ ਚਰਨ ਸਿੰਘ ਸੈਣੀ ਨੇ ਸੈਕਟਰ ਵਾਸੀਆਂ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਝੂਠ ਦਾ ਪੁਲੰਦਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ’ਚੋਂ ਬਹੁਤਿਆਂ ਨੇ ਗਮਾਡਾ ਤੋਂ ਨਕਸ਼ਾ ਪਾਸ ਕਰਵਾਏ ਬਿਨਾ ਹੀ ਮਕਾਨ ਬਣਾ ਲਏ ਹਨ। ਉਨ੍ਹਾਂ ਕਿਹਾ ਕਿ ਸੁਸਾਇਟੀ ਦਾ ਬਿਜਲੀ ਲੋਡ ਅਪਰੂਵਡ ਹੈ ਪਰ ਬਿਜਲੀ ਦਾ ਕੁਨੈਕਸ਼ਨ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਮਿਲ ਸਕਦਾ ਹੈ, ਜਿਨ੍ਹਾਂ ਦੇ ਨਕਸ਼ੇ ਪਾਸ ਹਨ।