ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਸਤੰਬਰ
ਸਿਟੀ ਬਿਊਟੀਫੁੱਲ ਚੰਡੀਗੜ੍ਹ ਤੇ ਆਲੇ-ਦੁਆਲੇ ਇਲਾਕੇ ਵਿੱਚ ਕਈ ਦਿਨਾਂ ਤੋਂ ਪੈ ਰਹੇ ਟੁੱਟਵੇਂ ਮੀਂਹ ਨੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਦਵਾ ਦਿੱਤੀ ਹੈ। ਪਰ ਸਿਟੀ ਬਿਊਟੀਫੁੱਲ ਦੇ ਕਈ ਸੈਕਟਰਾਂ ਦੀਆਂ ਟੁੱਟੀਆਂ ਸੜਕਾਂ ’ਤੇ ਭਰੇ ਪਾਣੀ ਕਾਰਨ ਲੋਕ ਪ੍ਰੇਸ਼ਾਨ ਹੋਏ। ਅੱਜ ਸਵੇਰ ਸਮੇਂ ਪਏ ਮੀਂਹ ਨੇ ਮੌਸਮ ਖੁਸ਼ਗਵਾਰ ਕਰ ਦਿੱਤਾ ਸੀ, ਪਰ ਦੁਪਹਿਰ ਸਮੇਂ ਨਿਕਲੀ ਤਿਖੀ ਨੇ ਇਕ ਵਾਰ ਮੁੜ ਤੋਂ ਗਰਮੀ ਕਰ ਦਿੱਤੀ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਿਟੀ ਬਿਊਟੀਫੁੱਲ ਵਿੱਚ 11 ਐੱਮਐੱਮ ਮੀਂਹ ਪਿਆ ਹੈ।
ਇਸੇ ਤਰ੍ਹਾਂ ਜ਼ੀਰਕਪੁਰ, ਮੁਹਾਲੀ ਤੇ ਪੰਚਕੂਲਾ ਦੇ ਕੁਝ ਇਲਾਕਿਆਂ ਵਿੱਚ ਕਣੀਆਂ ਪਈਆਂ ਹਨ। ਮੌਸਮ ਵਿਗਿਆਨੀਆਂ ਨੇ ਚੰਡੀਗੜ੍ਹ ਵਿੱਚ ਅਗਲੇ ਚਾਰ ਦਿਨ ਬੱਦਲਵਾਈ ਰਹਿਣ ਤੇ ਕਈ ਥਾਵਾਂ ’ਤੇ ਕਣੀਆਂ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਸ਼ਨਿੱਚਰਵਾਰ ਸਵੇਰ ਸਮੇਂ ਪਏ ਮੀਂਹ ਕਰਕੇ ਸ਼ਹਿਰ ਦੀਆਂ ਸੜਕਾਂ ’ਤੇ ਭਰਿਆ ਹੋਇਆ ਸੀ, ਜਿਸ ਕਰਕੇ ਰਾਹਗੀਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੌਰਾਨ ਸਕੂਲ ਜਾਣ ਵਾਲੇ ਵਿਦਿਆਰਥੀਆਂ ਤੇ ਆਪਣੇ ਕਾਰੋਬਾਰ ’ਤੇ ਜਾਣ ਵਾਲਿਆਂ ਨੂੰ ਵੀ ਪ੍ਰੇਸ਼ਾਨੀ ਦੀ ਸਾਹਮਣਾ ਕਰਨਾ ਪਿਆ ਹੈ। ਅੱਜ ਸਵੇਰ ਸਮੇਂ ਮੀਂਹ ਹਟਣ ਤੋਂ ਬਾਅਦ ਹੀ ਸ਼ਹਿਰ ਦੇ ਸੁਖਨਾ ਝੀਲ, ਰੌਕ ਗਾਰਡਨ, ਰੋਜ਼ ਗਾਰਡਨ ਸਣੇ ਸ਼ਹਿਰ ਦੇ ਵੱਖ-ਵੱਖ ਪਾਰਕਾਂ ਤੇ ਹੋਰਨਾਂ ਘੁੰਮਣ ਵਾਲੀਆਂ ਥਾਵਾਂ ’ਤੇ ਸੈਲਾਨੀਆਂ ਦੀ ਭੀੜ ਲੱਗੀ ਰਹੀ। ਸੁਖਨਾ ਝੀਲ ’ਤੇ ਵੱਡੀ ਗਿਣਤੀ ਵਿੱਚ ਨੌਜਵਾਨ ਪਹੁੰਚ ਕੇ ਖੁਸ਼ਗਵਾਰ ਮੌਸਮ ਦਾ ਆਨੰਦ ਮਾਣਦੇ ਦਿਖਾਈ ਦਿੱਤੇ। ਇਸ ਤੋਂ ਇਲਾਵਾ ਦੇਰ ਸ਼ਾਮ ਵੀ ਚੰਡੀਗੜ੍ਹ ਦੇ ਸੈਕਟਰ-22, 17, 16, 15, 8, 9, 10, 35, 36 ਤੇ ਹੋਰਨਾਂ ਸੈਕਟਰਾਂ ਦੀਆਂ ਮਾਰਕੀਟਾਂ ਵਿੱਚ ਲੋਕਾਂ ਦੀ ਭੀੜ ਲੱਗੀ ਰਹੀ।