ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਸਤੰਬਰ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਸਥਿਤ ਸੈਕਟਰ 16 ਦੇ ਗੌਰਮਿੰਟ ਮਲਟੀ ਸਪੈਸ਼ਿਲਿਟੀ ਹਸਪਤਾਲ (ਜੀ.ਐਮ.ਐਸ.ਐਚ) ਵਿਖੇ ਓਪੀਡੀ ’ਚ ਜਾਂਚ ਕਰਵਾਉਣ ਵਾਲੇ ਲੋਕਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਲਈ ਲੰਬਾ ਸਮਾਂ ਲਾਈਨਾਂ ਵਿੱਚ ਖੜ੍ਹਨਾ ਪੈਂਦਾ ਹੈ। ਹਸਪਤਾਲ ਵਿੱਚ ਲੱਗਣ ਵਾਲੀ ਭੀੜ ਨੂੰ ਘਟਾਉਣ ਲਈ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿਚਲੇ ਸਾਰੇ ਸੰਪਰਕ ਸੇਂਟਰਾਂ ਵਿੱਚ ਸੈਕਟਰ-16 ਹਸਪਤਾਲ ਦੀ ਓਪੀਡੀ ਲਈ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਤਾਂ ਜੋ ਲੋਕਾਂ ਨੂੰ ਹਸਪਤਾਲ ਵਿੱਚ ਜਾਂਚ ਕਰਵਾਉਣ ਲਈ ਕਈ ਘੰਟੇ ਲਾਈਨਾਂ ਵਿੱਚ ਖੱਜਲ-ਖੁਆਰ ਨਾ ਹੋਣਾ ਪਵੇ।
ਯੂਟੀ ਪ੍ਰਸ਼ਾਸਨ ਦੇ ਬੁਲਾਰੇ ਨੇ ਦੱੱਸਿਆ ਕਿ ਸ਼ਹਿਰ ਵਿੱਚਲੇ ਸਾਰੇ ਸੰਪਰਕ ਸੇਂਟਰਾਂ ਵਿੱਚ ਓਪੀਡੀ ਲਈ ਰਜਿਸਟਰੇਸ਼ਨ ਕਰਨ ਦੇ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਇਹ ਪ੍ਰਬੰਧ ਸਤੰਬਰ ਦੇ ਆਖੀਰ ਤੱਕ ਪੁਰੇ ਹੋ ਜਾਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਰਜਿਸਟਰੇਸ਼ਨ ਲਈ ਸਟੀਕਰ ਅਤੇ ਹੋਰ ਕਈ ਤਰ੍ਹਾਂ ਦੇ ਪ੍ਰਬੰਧਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੰਪਰਕ ਸੇਂਟਰਾਂ ਰਾਹੀ ਸੈਕਟਰ-16 ਹਸਪਤਾਲ ਦੀ ਓਪੀਡੀ ਲਈ ਰਜਿਸਟਰੇਸ਼ਨ ਕਰਵਾਉਣ ਨਾਲ ਲੋਕਾਂ ਦਾ ਹਸਪਤਾਲ ਵਿੱਚ ਜ਼ਿਆਦਾ ਸਮਾਂ ਖ਼ਰਾਬ ਨਹੀਂ ਹੋਵੇਗਾ।