Ranjit Singh ETO Suicide: ਤਤਕਾਲੀ ਵਿਜੀਲੈਂਸ ਮਹਿਲਾ ਅਧਿਕਾਰੀ ਤੇ ਕਾਰੋਬਾਰੀ ਨੂੰ ਤਿੰਨ-ਤਿੰਨ ਸਾਲ ਦੀ ਕੈਦ
ਇੱਕ ਮੁਲਜ਼ਮ ਬਰੀ, ਦੋ ਮੁਲਜ਼ਮਾਂ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ
ਮੁਹਾਲੀ ਦੇ ਵਧੀਕ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਨੇ 15 ਸਾਲ ਪੁਰਾਣੇ ਰਣਜੀਤ ਸਿੰਘ ਈ ਟੀ ਓ ਖੁਦਕਸ਼ੀ ਮਾਮਲੇ ਵਿਚ ਅੱਜ ਫੈਸਲਾ ਸੁਣਾਉਂਦਿਆਂ ਵਿਜੀਲੈਂਸ ਦੀ ਤਤਕਾਲੀ ਐੱਸ ਪੀ ਅਮਨਦੀਪ ਕੌਰ ਅਤੇ ਕਾਰੋਬਾਰੀ ਰਾਜਿੰਦਰ ਸਿੰਘ ਗੋਪੀ ਨੂੰ ਦੋਸ਼ੀ ਕਰਾਰ ਦਿੰਦਿਆਂ 3-3 ਸਾਲ ਦੀ ਕੈਦ ਅਤੇ 10-10 ਹਜ਼ਾਰ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ ’ਤੇ ਦੋਵਾਂ ਨੂੰ ਇੱਕ-ਇੱਕ ਮਹੀਨੇ ਦੀ ਹੋਰ ਵਾਧੂ ਸਜ਼ਾ ਭੁਗਤਣੀ ਪਵੇਗੀ।
ਅਦਾਲਤ ਵੱਲੋਂ ਇਸ ਮਾਮਲੇ ਵਿਚ ਨਾਮਜ਼ਦ ਇੱਕ ਹੋਰ ਮੁਲਜ਼ਮ ਪਰਮਜੀਤ ਸਿੰਘ ਨੂੰ ਬਰੀ ਕਰ ਦਿੱਤਾ ਹੈ। ਇਸ ਮਾਮਲੇ ਵਿਚ ਨਾਮਜ਼ਦ ਦੋ ਮੁਲਜ਼ਮਾਂ ਰਾਜੀਵ ਸੂਦ ਅਤੇ ਹਰਮਿੰਦਰ ਸਿੰਘ ਹਵਾਲਦਾਰ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਅਪਰੈਲ 2011 ਵਿਚ ਮੁਹਾਲੀ ਦੇ ਫੇਜ਼ ਦੋ ਵਿਖੇ ਆਪਣੀ ਰਿਹਾਇਸ਼ ਉੱਤੇ ਈ ਟੀ ਓ ਰਣਜੀਤ ਸਿੰਘ ਨੇ ਜ਼ਹਿਰੀਲੀ ਗੋਲੀਆਂ ਖਾ ਕੇ ਖੁਦਕਸ਼ੀ ਕਰ ਲਈ ਸੀ। ਵਿਜੀਲੈਂਸ ਵੱਲੋਂ ਉਨ੍ਹਾਂ ਨੂੰ 29 ਮਾਰਚ 2011 ਨੂੰ ਮੁਹਾਲੀ ਦੇ ਬਸੀ ਸਿਨੇਮਾ ਕੋਲੋਂ ਟਰੈਪ ਲਗਾ ਕੇ ਗ੍ਰਿਫ਼ਤਾਰ ਕੀਤਾ ਸੀ।
ਰਣਜੀਤ ਸਿੰਘ ਉੱਤੇ ਰਾਜਿੰਦਰ ਸਿੰਘ ਗੋਪੀ ਅਤੇ ਉਸ ਦੇ ਸਹਿਯੋਗੀਆਂ ਦੇ ਇੱਕ ਟਰੱਕ ਅਤੇ ਸਾਮਾਨ ਨੂੰ ਛੱਡਣ ਲਈ ਰਿਸ਼ਵਤ ਲੈਣ ਦਾ ਦੋਸ਼ ਸੀ। ਰਣਜੀਤ ਸਿੰਘ ਨੇ ਜ਼ਮਾਨਤ ਤੇ ਰਿਹਾਅ ਹੋਣ ਮਗਰੋਂ ਉਨ੍ਹਾਂ ਖੁਦਕਸ਼ੀ ਕਰ ਲਈ ਸੀ।

