Raja Warring ਹੀ ਰਹਿਣਗੇ ਪ੍ਰਧਾਨ: ਬਘੇਲ
ਪੰਜਾਬ ਲੀਡਰਸ਼ਿਪ ’ਚ ਫੇਰਬਦਲ ਦੇ ਫੈਸਲੇ ’ਤੇ ਮੁੜ ਗੌਰ ਕਰਨ ਤੋਂ ਇਨਕਾਰ; ਕਾਂਗਰਸ ਨੂੰ ਪੰਜਾਬ ’ਚ ਇਕਲੌਤਾ ਬਦਲ ਦੱਸਿਆ
ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ਪੰਜਾਬ ਕਾਂਗਰਸ ’ਚ ਉੱਠੇ ਬਗ਼ਾਵਤੀ ਰੌਂਅ ਦਰਮਿਆਨ ਅੱਜ ਦੇਰ ਸ਼ਾਮ ਕਿਹਾ ਕਿ ਕਾਂਗਰਸ ਹਾਈਕਮਾਂਡ ਪੰਜਾਬ ਦੀ ਲੀਡਰਸ਼ਿਪ ਨੂੰ ਬਰਕਰਾਰ ਰੱਖਣ ਦੇ ਫ਼ੈਸਲੇ ’ਤੇ ਮੁੜ ਵਿਚਾਰ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਹਿਣਗੇ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਕਾਂਗਰਸ ’ਚ ਕੋਈ ਮੱਤਭੇਦ ਹੋਣ ਦੀਆਂ ਰਿਪੋਰਟਾਂ ਨੂੰ ਖ਼ਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਹਾਈਕਮਾਂਡ ਦਾ ਫ਼ੈਸਲਾ ਬਦਲਿਆ ਨਹੀਂ ਜਾਵੇਗਾ ਤੇ ਪੰਜਾਬ ਕਾਂਗਰਸ ’ਚ ਹੁਣ ਸਭ ਕੁੱਝ ਠੀਕ ਹੈ। ਦੂਜੇ ਪਾਸੇ ਸਾਬਕਾ ਮੁੱਖ ਚਰਨਜੀਤ ਸਿੰਘ ਚੰਨੀ ਦੇ ਧੜੇ ਵੱਲੋਂ ਰਾਜਾ ਵੜਿੰਗ ਨੂੰ ਕੁਰਸੀ ਤੋਂ ਉਤਾਰਨ ਲਈ ਮੁਹਿੰਮ ਜਾਰੀ ਹੈ।
ਬਘੇਲ ਨੇ ਬਾਗ਼ੀ ਰੌਂਅ ਰੱਖਣ ਵਾਲੇ ਸੂਬਾਈ ਕਾਂਗਰਸ ਦੇ ਵੱਡੇ ਆਗੂਆਂ ਦੀ ਗੈਰ-ਮੌਜੂਦਗੀ ’ਚ ਅੱਜ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਬਿਗਲ ਵਜਾਉਂਦਿਆਂ ਕਿਹਾ ਕਿ ਕਾਂਗਰਸ ਪੰਜਾਬ ’ਚ ਇਕਲੌਤਾ ਬਦਲ ਹੈ। ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਦੌਰਾਨ ਕੀਤੇ ਇਸ ਐਲਾਨ ਮੌਕੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਰਕਿੰਗ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਤੇ ਰਾਜ ਕੁਮਾਰ ਵੇਰਕਾ ਤੋਂ ਇਲਾਵਾ ਪਾਰਟੀ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਮੌਜੂਦ ਸਨ। ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ, ਕੋਰ ਕਮੇਟੀ ਦੇ ਚੇਅਰਮੈਨ ਸੁਖਜਿੰਦਰ ਸਿੰਘ ਰੰਧਾਵਾ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਵਰਕਿੰਗ ਪ੍ਰਧਾਨ ਸੰਗਤ ਸਿੰਘ ਗਿਲਜੀਆਂ ਇਸ ਮੌਕੇ ਗ਼ੈਰ-ਹਾਜ਼ਰ ਸਨ।
ਬਘੇਲ ਨੇ ਕਿਹਾ ਕਿ ਕਾਂਗਰਸ ਅਗਲੀ ਲੜਾਈ ਲਈ ਪੂਰੀ ਤਰ੍ਹਾਂ ਤਿਆਰ ਹੈ। ‘ਆਪ’ ਤੋਂ ਲੋਕ ਨਿਰਾਸ਼ ਹਨ ਅਤੇ ਬਾਕੀ ਧਿਰਾਂ ਦੀ ਕੋਈ ਥਾਂ ਨਹੀਂ ਹੈ ਜਿਸ ਕਰ ਕੇ ਇਹ ਵੇਲਾ ਲੋਕ ਉਮੀਦਾਂ ’ਤੇ ਖਰੇ ਉੱਤਰਨ ਦਾ ਹੈ। ਪਾਰਟੀ ਵਰਕਰ ਉਤਸ਼ਾਹ ’ਚ ਹਨ ਅਤੇ ਪਾਰਟੀ ਅਗਲੀਆਂ ਚੋਣਾਂ ਜਿੱਤੇਗੀ। ਬਘੇਲ ਨੇ ਕਾਂਗਰਸੀ ਆਗੂਆਂ ਦੀ ਬਗ਼ਾਵਤ ਦਰਮਿਆਨ ਹੀ ਅੱਜ ਆਪਣੇ ਪੰਜ ਦਿਨਾਂ ਦੌਰੇ ਦੇ ਦੂਜੇ ਦਿਨ ਪ੍ਰਦੇਸ਼ ਕਾਂਗਰਸ ਕਮੇਟੀ ਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਵੱਖੋ ਵੱਖਰੀ ਮੀਟਿੰਗ ਕੀਤੀ।
ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਧੜਾ ਪੂਰੀ ਤਰ੍ਹਾਂ ਆਪਣੇ ਸਟੈਂਡ ’ਤੇ ਬਜ਼ਿਦ ਹੈ। ਬਘੇਲ ਨੇ ਨਾਰਾਜ਼ ਆਗੂਆਂ ਨੂੰ ਪਲੋਸਣ ਲਈ ਅੱਜ ਬਰੇਕ ਫਾਸਟ ਤੇ ਲੰਚ ਡਿਪਲੋਮੇਸੀ ਦਾ ਰਾਹ ਅਖ਼ਤਿਆਰ ਕੀਤਾ। ਚੰਨੀ ਧੜੇ ਨੇ ਹਾਲਾਂਕਿ ਬਘੇਲ ਦੀ ਫੇਰੀ ਤੋਂ ਪਾਸਾ ਵੱਟੀ ਰੱਖਿਆ। ਬਘੇਲ ਅੱਜ ਸਵੇਰੇ ਖ਼ੁਦ ਵਰਕਿੰਗ ਪ੍ਰਧਾਨ ਰਾਜ ਕੁਮਾਰ ਵੇਰਕਾ ਦੇ ਘਰ ਨਾਸ਼ਤੇ ’ਤੇ ਗਏ ਤੇ ਲੰਚ ਚੋਣ ਪ੍ਰਚਾਰ ਕਮੇਟੀ ਦੇ ਸਹਿ-ਚੇਅਰਮੈਨ ਸੁਖਪਾਲ ਸਿੰਘ ਖਹਿਰਾ ਦੇ ਘਰ ਕੀਤਾ। ਪਤਾ ਲੱਗਾ ਹੈ ਕਿ ਭੁਪੇਸ਼ ਬਘੇਲ ਦਾ ਰਾਤਰੀ ਭੋਜ ਸਾਬਕਾ ਸਪੀਕਰ ਰਾਣਾ ਕੇ ਪੀ ਸਿੰਘ ਦੇ ਘਰ ਉਲੀਕਿਆ ਹੋਇਆ ਸੀ।
ਬਘੇਲ ਵੱਲੋਂ ਸੱਦੀ ਮੀਟਿੰਗ ’ਚ ਅੱਜ 29 ਜ਼ਿਲ੍ਹਾ ਪ੍ਰਧਾਨਾਂ ’ਚੋਂ 22 ਸ਼ਾਮਲ ਹੋਏ। ਜ਼ਿਲ੍ਹਾ ਪ੍ਰਧਾਨ ਬਰਿੰਦਰਮੀਤ ਸਿੰਘ ਪਾਹੜਾ, ਲਾਡੀ ਸ਼ੇਰੋਵਾਲੀਆ, ਦਲਜੀਤ ਸਿੰਘ ਗਿਲਜੀਆਂ, ਕੁਲਦੀਪ ਸਿੰਘ ਢਿੱਲੋਂ, ਲਖਬੀਰ ਸਿੰਘ ਲੱਖਾ, ਰਜਿੰਦਰ ਬੇਰੀ ਅਤੇ ਸੰਜੇ ਤਲਵਾੜ ਮੀਟਿੰਗ ’ਚੋਂ ਗੈਰ-ਹਾਜ਼ਰ ਸਨ। ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੀਟਿੰਗ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸੰਗਤ ਸਿੰਘ ਗਿਲਜੀਆਂ ਨਜ਼ਰ ਨਹੀਂ ਆਏ। ਬਘੇਲ ਵੱਲੋਂ ਇਕ ਪਾਸੇ ਨਾਰਾਜ਼ ਆਗੂਆਂ ਨੂੰ ਮਨਾਉਣ ਦੀ ਕਵਾਇਦ ਸ਼ੁਰੂ ਕੀਤੀ ਗਈ ਹੈ ਅਤੇ ਦੂਜੇ ਪਾਸੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ’ਚ ਪਾਰਟੀ ’ਚ ਅਨੁਸ਼ਾਸਨ ਕਾਇਮ ਰੱਖਣ ਲਈ ਸਖ਼ਤ ਪੈਂਤੜਾ ਲੈਣ ਦੀਆਂ ਹਦਾਇਤਾਂ ਦਿੱਤੀਆਂ ਹਨ। ਬਘੇਲ ਨੇ ਹਦਾਇਤ ਕੀਤੀ ਕਿ ਉਨ੍ਹਾਂ ਦੇ ਜ਼ਿਲ੍ਹੇ ਦਾ ਕੋਈ ਵੀ ਨੇਤਾ, ਚਾਹੇ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਜੇ ਕੋਈ ਪਾਰਟੀ ਖ਼ਿਲਾਫ਼ ਬਿਆਨਬਾਜ਼ੀ ਕਰਦਾ ਹੈ ਤਾਂ ਉਸ ਨੂੰ ਬਤੌਰ ਜ਼ਿਲ੍ਹਾ ਪ੍ਰਧਾਨ ਫ਼ੌਰੀ ਨੋਟਿਸ ਜਾਰੀ ਕੀਤਾ ਜਾਵੇ। ਪੰਜਾਬ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ ਸ਼ੁਭਮ ਦੇਵਗਨ ਕਾਂਗਰਸ ਭਵਨ ’ਚ ਪਹੁੰਚੇ ਹੋਏ ਸਨ।
ਭੁਪੇਸ਼ ਬਘੇਲ ਹੁਣ ਤੱਕ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਮੈਨੀਫੈਸਟੋ ਕਮੇਟੀ ਦੇ ਚੇਅਰਪਰਸਨ ਡਾ. ਅਮਰ ਸਿੰਘ, ਚੋਣ ਪ੍ਰਬੰਧਨ ਤੇ ਤਾਲਮੇਲ ਕਮੇਟੀ ਦੇ ਪ੍ਰਧਾਨ ਵਿਜੈ ਇੰਦਰ ਸਿੰਗਲਾ, ਸਾਬਕਾ ਸਪੀਕਰ ਰਾਣਾ ਕੇਪੀ ਸਿੰਘ, ਚੋਣ ਪ੍ਰਚਾਰ ਕਮੇਟੀ ਦੇ ਕੋ-ਚੇਅਰਮੈਨ ਸੁਖਪਾਲ ਸਿੰਘ ਖਹਿਰਾ ਤੇ ਮੈਨੀਫੈਸਟੋ ਕਮੇਟੀ ਦੇ ਕੋ-ਚੇਅਰਪਰਸਨ ਹਰਦਿਆਲ ਸਿੰਘ ਕੰਬੋਜ ਨੂੰ ਮਿਲ ਚੁੱਕੇ ਹਨ। ਬਘੇਲ ਨੇ ਕਿਹਾ ਕਿ ਉਹ ਅਜੇ ਆਗੂਆਂ ਨੂੰ ਮਿਲ ਰਹੇ ਹਨ ਅਤੇ ਦੋ ਦਿਨਾਂ ਮਗਰੋਂ ਚਾਨਣਾ ਪਾਉਣਗੇ।
