ਅਕਤੂਬਰ ਮਹੀਨੇ ’ਚ ਆਮ ਨਾਲੋਂ 217 ਫ਼ੀਸਦ ਵੱਧ ਪਿਆ ਮੀਂਹ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਅਗਸਤ ਤੇ ਸਤੰਬਰ ਵਿੱਚ ਭਾਰੀ ਮੀਂਹ ਪੈਣ ਦੇ ਬਾਵਜੂਦ ਅਕਤੂਬਰ ਮਹੀਨੇ ਵਿੱਚ ਵੀ ਵਧੇਰੇ ਮੀਂਹ ਪਿਆ ਹੈ। ਇਸ ਮੀਂਹ ਨੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਦਿਵਾਈ ਹੈ, ਪਰ ਨਾਲ ਹੀ ਚੰਡੀਗੜ੍ਹ...
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਅਗਸਤ ਤੇ ਸਤੰਬਰ ਵਿੱਚ ਭਾਰੀ ਮੀਂਹ ਪੈਣ ਦੇ ਬਾਵਜੂਦ ਅਕਤੂਬਰ ਮਹੀਨੇ ਵਿੱਚ ਵੀ ਵਧੇਰੇ ਮੀਂਹ ਪਿਆ ਹੈ। ਇਸ ਮੀਂਹ ਨੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਦਿਵਾਈ ਹੈ, ਪਰ ਨਾਲ ਹੀ ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਖੇਤੀਬਾੜੀ ਕਰਨ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਾਰ ਚੰਡੀਗੜ੍ਹ ਵਿੱਚ ਅਕਤੂਬਰ ਮਹੀਨੇ ਦੌਰਾਨ ਪਿਛਲੇ ਮੀਂਹ ਨੇ ਪਿਛਲੇ 12 ਸਾਲਾਂ ਦੇ ਰਿਕਾਰਡ ਤੋੜ ਕੇ ਰੱਖ ਦਿੱਤੇ ਹਨ। ਇਸ ਵਾਰ 12 ਸਾਲਾਂ ਬਾਅਦ ਆਮ ਨਾਲੋਂ 217 ਫ਼ੀਸਦ ਵੱਧ ਮੀਂਹ ਪਿਆ ਹੈ। ਚੰਡੀਗੜ੍ਹ ਵਿੱਚ ਆਮ ਤੌਰ ’ਤੇ ਅਕਤੂਬਰ ਮਹੀਨੇ ਦੌਰਾਨ ਔਸਤਨ 18.1 ਐੱਮ ਐੱਮ ਮੀਂਹ ਪੈਂਦਾ ਹੈ ਜਦੋਂਕਿ ਇਸ ਵਾਰ ਐਸਤਨ 57.4 ਐੱਮ ਐੱਮ ਮੀਂਹ ਪਿਆ ਹੈ। ਇਸ ਦੇ ਨਾਲ ਹੀ ਮੌਸਮ ਵਿਗਿਆਨੀਆਂ ਨੇ ਚੰਡੀਗੜ੍ਹ ਵਿੱਚ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਮੌਸਮ ਸਾਫ਼ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ।
ਕਈ ਵਾਰ ਅਕਤੂਬਰ ਮਹੀਨੇ ਵਿੱਚ ਨਹੀਂ ਪਿਆ ਮੀਂਹ
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਪਿਛਲੇ 12 ਸਾਲਾਂ ਦੌਰਾਨ ਚਾਰ ਸਾਲ ਅਕਤੂਬਰ ਮਹੀਨੇ ਵਿੱਚ ਬਿਲਕੁੱਲ ਮੀਂਹ ਨਹੀਂ ਪਿਆ ਹੈ। ਇਸ ਵਿੱਚ ਸਾਲ 2016, 2017, 2020 ਤੇ 2024 ਸ਼ਾਮਲ ਹਨ। ਇਸ ਤੋਂ ਇਲਾਵਾ ਸਾਲ 2023 ਵਿੱਚ ਆਮ ਨਾਲੋਂ 23 ਫ਼ੀਸਦ ਵੱਧ, 2022 ਵਿੱਚ 41 ਫ਼ੀਸਦ ਵੱਧ, 2021 ਵਿੱਚ 85 ਫ਼ੀਸਦ ਵੱਧ, 2019 ਵਿੱਚ 99 ਫ਼ੀਸਦ ਘੱਟ, 2018 ਵਿੱਚ 66 ਫ਼ੀਸਦ ਘੱਟ, 2015 ਵਿੱਚ 44 ਫ਼ੀਸਦ ਘੱਟ ਅਤੇ 2014 ਵਿੱਚ 61 ਫ਼ੀਸਦ ਘੱਟ ਮੀਂਹ ਪਿਆ ਹੈ।

