DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮੀਂਹ ਨੇ ਜ਼ੀਰਕਪੁਰ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹੀ

ਸੜਕਾਂ ’ਤੇ ਭਰਿਆ ਪਾਣੀ, ਬਾਜ਼ਾਰਾਂ ਤੋਂ ਰਿਹਾਇਸ਼ੀ ਇਲਾਕਿਆਂ ਤੱਕ ਲੋਕ ਪ੍ਰੇਸ਼ਾਨ; ਆਵਾਜਾਈ ਪ੍ਰਭਾਵਿਤ

  • fb
  • twitter
  • whatsapp
  • whatsapp
featured-img featured-img
ਪੰਚਕੂਲਾ-ਕਾਲਕਾ ਹਾਈਵੇਅ ’ਤੇ ਭਰੇ ਮੀਂਹ ਦੇ ਪਾਣੀ ’ਚੋਂ ਲੰਘਦੇ ਹੋਏ ਵਾਹਨ ਸਵਾਰ। -ਫੋਟੋ: ਰਵੀ ਕੁਮਾਰ
Advertisement

ਇੱਥੇ ਸ਼ੁੱਕਰਵਾਰ ਸਵੇਰੇ ਕਰੀਬ ਇਕ ਘੰਟੇ ਪਏ ਮੋਹਲੇਧਾਰ ਮੀਂਹ ਨੇ ਸ਼ਹਿਰ ਦੇ ਜਲ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਤੇਜ਼ ਬਾਰਿਸ਼ ਤੋਂ ਬਾਅਦ ਸ਼ਹਿਰ ਦੇ ਕਈ ਪ੍ਰਮੁੱਖ ਮਾਰਗਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਆਵਾਜਾਈ ਵਿਵਸਥਾ ਪ੍ਰਭਾਵਿਤ ਹੋਈ। ਕਈ ਥਾਵਾਂ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪਟਿਆਲਾ ਰੋਡ, ਅੰਬਾਲਾ ਰੋਡ, ਪਟਿਆਲਾ ਚੌਕ ਤੋਂ ਕਾਲਕਾ ਚੌਕ, ਸਿੰਘਪੁਰਾ, ਨਗਲਾ ਰੋਡ, ਬਲਟਾਣਾ, ਲੋਹਗੜ੍ਹ ਅਤੇ ਸ਼ਿਵਾਲਿਕ ਵਿਹਾਰ ਸਮੇਤ ਕਈ ਇਲਾਕਿਆਂ ਵਿੱਚ ਸੜਕਾਂ ’ਤੇ ਪਾਣੀ ਖੜ੍ਹਾ ਹੋ ਗਿਆ ਹੈ। ਪਟਿਆਲਾ ਰੋਡ ਦੀਆਂ ਦੋਵੇਂ ਪਾਸਿਆਂ ਬਣੀਆਂ ਸਰਵਿਸ ਲੇਨਾਂ ਵੀ ਪਾਣੀ ਵਿੱਚ ਡੁੱਬੀਆਂ ਦਿਖਾਈ ਦਿੱਤੀਆਂ। ਇਸ ਦੌਰਾਨ ਦੋਪਹੀਆ ਵਾਹਨ ਚਾਲਕ ਪਾਣੀ ਵਿੱਚੋਂ ਲੰਘਣ ਲਈ ਮਜਬੂਰ ਹੋਏ। ਬਲਟਾਣਾ ਦੇ ਮੁੱਖ ਬਾਜ਼ਾਰ ਅਤੇ ਆਸ-ਪਾਸ ਦੀਆਂ ਗਲੀਆਂ ਵਿੱਚ ਪਾਣੀ ਭਰਨ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ। ਇਸੇ ਤਰ੍ਹਾਂ ਸ਼ਿਵਾਲਿਕ ਵਿਹਾਰ ਦੀਆਂ ਗਲੀਆਂ ਅਤੇ ਲੋਹਗੜ੍ਹ ਵਿੱਚ ਵਿਸ਼ਵਕਰਮਾ ਮੰਦਰ ਦੇ ਆਸ-ਪਾਸ ਪਾਣੀ ਭਰ ਗਿਆ। ਬਾਰਿਸ਼ ਰੁਕਣ ਤੋਂ ਕਰੀਬ ਦੋ ਘੰਟੇ ਬਾਅਦ ਕਈ ਥਾਵਾਂ ਤੋਂ ਪਾਣੀ ਦੀ ਨਿਕਾਸੀ ਹੋ ਸਕੀ। ਲੋਕਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਚੋਣਾਂ ਤੋਂ ਬਾਅਦ ਨਵੇਂ ਪ੍ਰਧਾਨ ਅਤੇ ਕੌਂਸਲਰਾਂ ਵੱਲੋਂ ਸ਼ਹਿਰ ਵਿੱਚ ਜਲ ਭਰਾਅ ਦੀ ਸਮੱਸਿਆ ਦੇ ਸਥਾਈ ਹੱਲ ਦੇ ਦਾਅਵੇ ਕੀਤੇ ਗਏ ਸਨ ਪਰ ਪਹਿਲੀ ਹੀ ਬਾਰਿਸ਼ ਨੇ ਇਨ੍ਹਾਂ ਦਾਅਵਿਆਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਪੱਕੀ ਅਤੇ ਪ੍ਰਭਾਵਸ਼ਾਲੀ ਡਰੇਨੇਜ ਵਿਵਸਥਾ ਬਣਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਜ਼ੀਰਕਪੁਰ ਨਗਰ ਕੌਂਸਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਵਿਰਕ ਨੇ ਕਿਹਾ ਕਿ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਦਰੁਸਤ ਕੀਤੇ ਜਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਛੇਤੀ ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਪ੍ਰਬੰਧ ਮੁਕੰਮਲ ਕਰਵਾ ਦਿੱਤੇ ਜਾਣਗੇ ਜਿਸ ਮਗਰੋਂ ਇਹ ਸਮੱਸਿਆ ਨਹੀਂ ਆਵੇਗੀ।

ਸੁਖਨਾ ਨਦੀ ਦਾ 50 ਫੁੱਟ ਲੰਮਾ ਬੰਨ੍ਹ ਟੁੱਟਿਆ

ਪੰਚਕੂਲਾ (ਪੀ ਪੀ ਵਰਮਾ): ਹਿਮਾਚਲ ਪ੍ਰਦੇਸ਼ ਅਤੇ ਸਥਾਨਕ ਇਲਾਕਿਆਂ ਵਿੱਚ ਪਈ ਮੋਹਲੇਧਾਰ ਬਾਰਸ਼ ਕਾਰਨ ਸੁਖਨਾ ਨਦੀ ’ਚ ਪਾਣੀ ਦਾ ਪੱਧਰ ਅਚਾਨਕ ਕਾਫ਼ੀ ਵਧ ਗਿਆ। ਪਾਣੀ ਦੇ ਤੇਜ਼ ਵਹਾਅ ਨੇ ਭਾਰਤ ਅਤੇ ਖਾਟਿਕ ਮੁਹੱਲੇ ਦੇ ਵਸਨੀਕਾਂ ਵਿੱਚ ਦਹਿਸ਼ਤ ਫੈਲਾ ਦਿੱਤੀ, ਜਿਸ ਕਾਰਨ ਲੋਕਾਂ ਨੂੰ ਪੂਰੀ ਰਾਤ ਜਾਗ ਕੇ ਗੁਜ਼ਾਰਨੀ ਪਈ। ਨਦੀ ਦੇ ਤੇਜ਼ ਵਹਾਅ ਕਾਰਨ ਧੋਬੀ ਘਾਟ ਨੇੜੇ ਕਈ ਬੰਨ੍ਹਾਂ ਅਤੇ ਰਿਟੇਨਿੰਗ ਕੰਧਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ।ਦੇਰ ਰਾਤ ਕਾਲੀ ਮਾਤਾ ਮੰਦਰ ਦੇ ਪਿੱਛੇ ਪੌੜੀਆਂ ਨੇੜੇ ਬਣਿਆ 50 ਫੁੱਟ ਲੰਬਾ ਬੰਨ੍ਹ ਜ਼ੋਰਦਾਰ ਧਮਾਕੇ ਨਾਲ ਨਦੀ ਵਿੱਚ ਡਿੱਗ ਪਿਆ। ਸਥਾਨਕ ਨਿਵਾਸੀ ਪ੍ਰੇਮ ਚੰਦ ਨੇ ਦੱਸਿਆ ਕਿ ਪਾਣੀ ਦੇ ਤੇਜ਼ ਵਹਾਅ ਨੇ ਨਾ ਸਿਰਫ਼ ਬੰਨ੍ਹਾਂ ਨੂੰ ਨੁਕਸਾਨ ਪਹੁੰਚਾਇਆ ਹੈ, ਸਗੋਂ ਧੋਬੀ ਘਾਟ ਕੰਪਲੈਕਸ ਦੇ ਅੰਦਰ ਬਣਿਆ ਖਵਾਜਾ ਪੀਰ ਮੰਦਰ ਵੀ ਇਸ ਦੀ ਲਪੇਟ ਵਿੱਚ ਆ ਗਿਆ ਹੈ। ਦਰਿਆ ਦੇ ਕੰਢਿਆਂ ‘ਤੇ ਬਣੇ ਘਰਾਂ ਵਿੱਚ ਰਹਿਣ ਵਾਲੇ ਲੋਕ ਕਿਸੇ ਵੀ ਅਣਸੁਖਾਵੀਂ ਘਟਨਾ ਦੇ ਡਰੋਂ ਸਾਰੀ ਰਾਤ ਸੌਂ ਨਹੀਂ ਸਕੇ। ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਟੁੱਟੇ ਹੋਏ ਬੰਨ੍ਹਾਂ ਦੀ ਮੁਰੰਮਤ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਖ਼ਤਰੇ ਤੋਂ ਬਚਿਆ ਜਾ ਸਕੇ।

ਭਰਵੇਂ ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿੜੇ

ਐੱਸ ਏ ਐੱਸ ਨਗਰ (ਖੇਤਰੀ ਪ੍ਰਤੀਨਿਧ): ਮੁਹਾਲੀ ਖੇਤਰ ਵਿੱਚ ਸ਼ੁੱਕਰਵਾਰ ਨੂੰ ਪਏ ਭਰਵੇਂ ਮੀਂਹ ਕਾਰਨ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ। ਪਾਵਰਕੌਮ ਵੱਲੋਂ ਲੋੜੀਂਦੀ ਬਿਜਲੀ ਸਪਲਾਈ ਨਾ ਛੱਡੇ ਜਾਣ ਕਾਰਨ ਕਿਸਾਨਾਂ ਨੂੰ ਝੋਨੇ ਅਤੇ ਹੋਰ ਫ਼ਸਲਾਂ ਲਈ ਪਾਣੀ ਪੂਰਾ ਕਰਨ ਵਿੱਚ ਮੁਸ਼ਕਿਲਾਂ ਆ ਰਹੀਆਂ ਸਨ। ਅੱਜ ਪਿਆ ਮੀਂਹ ਝੋਨੇ ਅਤੇ ਹੋਰ ਫ਼ਸਲਾਂ ਲਈ ਬੇਹੱਦ ਲਾਹੇਵੰਦ ਦੱਸਿਆ ਜਾ ਰਿਹਾ ਹੈ। ਕਿਸਾਨੀ ਮਾਹਿਰਾਂ ਅਨੁਸਾਰ ਮੀਂਹ ਕਾਰਨ ਜਿੱਥੇ ਝੋਨੇ ਲਈ ਪਾਣੀ ਦੀ ਘਾਟ ਪੂਰੀ ਹੋਈ ਹੈ ਅਤੇ ਮੀਂਹ ਨਾਲ ਪੱਤਾ ਲਪੇਟ ਅਤੇ ਹੋਰ ਬਿਮਾਰੀਆਂ ਤੋਂ ਵੀ ਝੋਨੇ ਨੂੰ ਰਾਹਤ ਮਿਲੇਗੀ। ਮੀਂਹ ਮੱਕੀ, ਚਰੀ ਅਤੇ ਹੋਰ ਫ਼ਸਲਾਂ ਲਈ ਵੀ ਫ਼ਾਇਦੇਮੰਦ ਹੋਵੇਗਾ। ਇਸੇ ਦੌਰਾਨ ਅੱਜ ਦਿਨ ਸਮੇਂ ਵੀ ਮੀਂਹ ਨਾਲ ਮੌਸਮ ਖੁਸ਼ਗਵਾਰ ਹੋ ਗਿਆ। ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ। ਮੀਂਹ ਕਾਰਨ ਦਰੱਖਤਾਂ ਉੱਤੇ ਜਮੀ ਹੋਈ ਮਿੱਟੀ-ਘੱਟੇ ਦੀ ਧੂੜ ਧੋ ਹੋ ਗਈ ਅਤੇ ਸਾਰਾ ਵਾਤਾਵਰਨ ਨਿੱਖਰ ਗਿਆ।

Advertisement
Advertisement
×