ਪੂਟਾ ਚੋਣਾਂ: ਕਰੋਨਾ ਪਾਜ਼ੇਟਿਵ ਮੈਂਬਰ ਨਹੀਂ ਪਾ ਸਕਣਗੇ ਵੋਟ

ਚੋਣ ਨਤੀਜਿਆਂ ਮਗਰੋਂ ਇਕੱਠ ਜਾਂ ਜਸ਼ਨ ਮਨਾਉਣ ’ਤੇ ਪਾਬੰਦੀ

ਪੂਟਾ ਚੋਣਾਂ:  ਕਰੋਨਾ ਪਾਜ਼ੇਟਿਵ ਮੈਂਬਰ ਨਹੀਂ ਪਾ ਸਕਣਗੇ ਵੋਟ

ਪੱਤਰ ਪ੍ਰੇਰਕ

ਚੰਡੀਗੜ੍ਹ, 22 ਸਤੰਬਰ

ਕਰੋਨਾਵਾਇਰਸ ਦਾ ਅਸਰ ਸੈਸ਼ਨ 2020-21 ਲਈ ਹੋਣ ਵਾਲੀਆਂ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਚੋਣਾਂ ’ਤੇ ਵੀ ਪਵੇਗਾ ਅਤੇ ਕੋਈ ਵੀ ਕਰੋਨਾ ਪਾਜ਼ੇਟਿਵ ਮੈਂਬਰ ਵੋਟ ਨਹੀਂ ਪਾ ਸਕੇਗਾ। ਵੋਟ ਪਾਉਣ ਵਾਲੇ ਮੈਂਬਰਾਂ ਦੇ ਕਿਸੇ ਵੀ ਕਾਗਜ਼ ਉੱਤੇ ਦਸਤਖ਼ਤ ਨਹੀਂ ਕਰਵਾਏ ਜਾਣਗੇ। ਵੋਟਰਾਂ ਦਾ ਰਿਕਾਰਡ ਰੱਖਣ ਲਈ ਬੂਥ ਇੰਚਾਰਜ ਵੱਲੋਂ ਰਿਕਾਰਡ ਰੱਖਣ ਲਈ ਆਪਣੇ ਮੋਬਾਈਲ ਫੋਨ ਨਾਲ ਉਨ੍ਹਾਂ ਦੀਆਂ ਫੋਟੋਆਂ ਖਿੱਚੀਆਂ ਜਾਣਗੀਆਂ ਤਾਂ ਜੋ ਕਿਸੇ ਵੀ ਵੋਟਰ ਦਾ ਹੱਥ ਕਿਸੇ ਕਾਗਜ਼ ਨੂੰ ਨਾ ਲੱਗ ਸਕੇ।

ਪ੍ਰਾਪਤ ਜਾਣਕਾਰੀ ਮੁਤਾਬਕ ਇਨ੍ਹਾਂ ਚੋਣਾਂ ਲਈ ਕੁੱਲ 627 ਮੈਂਬਰ ਰਜਿਸਟਰਡ ਹਨ ਜਿਨ੍ਹਾਂ ਵਿੱਚੋਂ 22 ਮੈਂਬਰਾਂ ਦੀਆਂ ਰਿਪੋਰਟਾਂ ਕਰੋਨਾ ਪਾਜ਼ੇਟਿਵ ਹਨ। ਵਧੇਰੇ ਕਰੋਨਾ ਕੇਸ ਪੀਯੂ ਕੈਂਪਸ ਨਾਲ ਹੀ ਸਬੰਧਤ ਹਨ। ਇਸ ਵਾਰ ਚੋਣ ਪ੍ਰਕਿਰਿਆ ਦੋ ਦਿਨਾਂ (25 ਅਤੇ 26 ਸਤੰਬਰ) ਵਿੱਚ ਮੁਕੰਮਲ ਕੀਤੀ ਜਾਵੇਗੀ। ਵੋਟਿੰਗ ਉਪਰੰਤ ਬੈਲਟ ਪੇਟੀਆਂ ਨੂੰ ਰਿਟਰਨਿੰਗ ਅਫ਼ਸਰ ਵੱਲੋਂ ਬੰਦ ਕਮਰੇ ਵਿੱਚ ਸੁਰੱਖਿਅਤ ਰੱਖ ਦਿੱਤਾ ਜਾਵੇਗਾ ਜਿਸ ਦੀ ਚਾਬੀ ਵੀ ਰਿਟਰਨਿੰਗ ਅਫ਼ਸਰ ਕੋਲ ਹੀ ਹੋਵੇਗੀ।

ਮੈਂਬਰਾਂ ਦੀ ਥਰਮਲ ਸਕਰੀਨਿੰਗ ਕੀਤੀ ਜਾਵੇਗੀ

ਰਿਟਰਨਿੰਗ ਅਫ਼ਸਰ ਪ੍ਰੋ. ਵਿਜੇ ਨਾਗਪਾਲ ਨੇ ਦੱਸਿਆ ਕਿ ਪੋਲਿੰਗ ਬੂਥ ਦੇ ਅੰਦਰ ਸੈਨੀਟਾਈਜ਼ਰਾਂ ਦਾ ਪ੍ਰਬੰਧ ਕੀਤਾ ਜਾਵੇਗਾ ਜਦਕਿ ਥਰਮਲ ਸਕੈਨਿੰਗ ਅਤੇ ਆਕਸੀਮੀਟਰ ਸਕਰੀਨਿੰਗ ਆਦਿ ਵੀ ਵਿਵਸਥਾ ਕੀਤੀ ਜਾਵੇਗੀ। ਚੋਣ ਨਤੀਜੇ ਐਲਾਨੇ ਜਾਣ ਉਪਰੰਤ ਕਿਸੇ ਵੀ ਪਾਰਟੀ ਮੈਂਬਰ ਨੂੰ ਕੋਈ ਇਕੱਠ ਜਾਂ ਜਸ਼ਨ ਮਨਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਦੱਸਣਯੋਗ ਹੈ ਕਿ ਪੂਟਾ ਚੋਣਾਂ 25 ਅਤੇ 26 ਸਤੰਬਰ ਨੂੰ ਪੰਜਾਬ ਯੂਨੀਵਰਸਿਟੀ ਦੇ ਅੰਗਰੇਜ਼ੀ ਆਡੀਟੋਰੀਅਮ ਅਤੇ ਈਵਨਿੰਗ ਆਡੀਟੋਰੀਅਮ ਵਿਚ ਕਰਵਾਈਆਂ ਜਾਣਗੀਆਂ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All