Punjab weather update: ਪੰਜਾਬ ਵਿੱਚ ਮੀਂਹ ਤੇ ਤੇਜ਼ ਹਵਾਵਾਂ ਨੇ ਮੁੜ ਕੰਬਣੀ ਛੇੜੀ
Punjab weather update: ਮੀਂਹ ਨੇ ਕਿਸਾਨਾਂ ਦੇ ਸਾਹ ਸੂਤੇ, ਕਈ ਥਾਈਂ ਫ਼ਸਲਾਂ ਵਿਛੀਆਂ; ਤਾਪਮਾਨ 5 ਤੋਂ 8 ਡਿਗਰੀ ਸੈਲਸੀਅਸ ਤੱਕ ਡਿੱਗਿਆ
Punjab weather update: ਪੰਜਾਬ, ਹਰਿਆਣਾ ਸਣੇ ਉੱਤਰ ਭਾਰਤ ਦੇ ਕੁੱਝ ਹਿੱਸਿਆਂ ਵਿੱਚ ਦੋ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਲੋਕਾਂ ਨੂੰ ਮੁੜ ਤੋਂ ਕੰਬਣੀ ਛੇੜ ਦਿੱਤੀ ਹੈ। ਇਸ ਦੌਰਾਨ ਤਾਪਮਾਨ ਵਿੱਚ 5 ਤੋਂ 8 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੀਂਹ ਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ ਜਿਨ੍ਹਾਂ ਨੂੰ ਫ਼ਸਲਾਂ ਦੇ ਖਰਾਬੇ ਦੀ ਡਰ ਸਤਾਉਣ ਲੱਗ ਪਿਆ ਹੈ। ਅੱਜ ਸਮੁੱਚੇ ਪੰਜਾਬ ਵਿੱਚ ਹੀ ਹਲਕਾ ਤੇ ਦਰਮਿਆਨਾ ਮੀਂਹ ਪਿਆ ਤੇ ਤੇਜ਼ ਹਵਾਵਾਂ ਚੱਲੀਆਂ। ਮੌਸਮ ਵਿਗਿਆਨੀਆਂ ਨੇ 20 ਮਾਰਚ ਨੂੰ ਵੀ ਪੰਜਾਬ ਵਿੱਚ ਹਲਕਾ ਤੇ ਦਰਮਿਆਨਾ ਮੀਂਹ ਪੈਣ ਅਤੇ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਲਈ ਮੌਸਮ ਵਿਭਾਗ ਨੇ ਔਰੇਂਜ ਅਲਰਟ ਜਾਰੀ ਕੀਤਾ ਹੈ।
ਜਾਣਕਾਰੀ ਮਿਲੀ ਹੈ ਕਿ ਪੰਜਾਬ ਦੇ ਸਾਰੇ ਹੀ ਸ਼ਹਿਰਾਂ ਵਿੱਚ ਲੰਘੇ ਦਿਨ ਤੋਂ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਇਸ ਸਮੇਂ ਸੂਬੇ ਵਿੱਚ ਕਣਕ ਦੀ ਫਸਲ ਪੱਕਣ ਕੰਢੇ ਪਹੁੰਚ ਗਈ ਹੈ। ਅਜਿਹੇ ਸਮੇਂ ਵਿੱਚ ਪੈ ਰਿਹਾ ਮੀਂਹ ਤੇ ਤੇਜ਼ ਹਵਾਵਾਂ ਕਣਕ ਦੀ ਫ਼ਸਲ ਲਈ ਘਾਤਕ ਸਾਬਤ ਹੋ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਰਹੱਦੀ ਇਲਾਕੇ ਦੇ ਗੁਰਦਾਸਪੁਰ, ਪਠਾਨਕੋਟ ਅਤੇ ਹੋਰ ਇਲਾਕੇ ਵਿੱਚ ਭਾਰੀ ਮੀਂਹ ਪਿਆ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 24 ਘੰਟਿਆਂ ਦੌਰਾਨ ਚੰਡੀਗੜ ਵਿੱਚ 4.8 ਐੱਮ ਐੱਮ, ਅੰਮ੍ਰਿਤਸਰ ਵਿੱਚ 3.9 ਐੱਮ ਐੱਮ, ਲੁਧਿਆਣਾ ਵਿੱਚ 2.2 ਐੱਮ ਐੱਮ, ਪਟਿਆਲਾ ਵਿੱਚ 2 ਐੱਮ ਐੱਮ, ਬਠਿੰਡਾ ਵਿੱਚ 2 ਐੱਮ ਐੱਮ, ਫਰੀਦਕੋਟ ਵਿੱਚ 0.4 ਐੱਮ ਐੱਮ, ਗੁਰਦਾਸਪੁਰ ਵਿੱਚ 17 ਐੱਮ ਐੱਮ, ਨਵਾਂ ਸ਼ਹਿਰ ਵਿੱਚ 2 ਐੱਮ ਐੱਮ, ਫਾਜ਼ਿਲਕਾ ਵਿੱਚ 2.5 ਐੱਮ ਐੱਮ, ਮੁਹਾਲੀ ਵਿੱਚ 3 ਐੱਮ ਐੱਮ, ਪਠਾਨਕੋਟ ਵਿੱਚ 10.5 ਐੱਮ ਐੱਮ, ਰੂਪਨਗਰ ਵਿੱਚ 9.5 ਐੱਮ ਐੱਮ ਅਤੇ ਸੰਗਰੂਰ ਵਿੱਚ 3 ਐੱਮ ਐੱਮ ਮੀਂਹ ਪਿਆ ਹੈ।

