Punjab University Student Council Elections 2026: ਪੰਜਾਬ ’ਵਰਸਿਟੀ ਵਿੱਚ ਸਖ਼ਤ ਸੁਰੱਖਿਆ ਹੇਠ ਵੋਟਾਂ ਅੱਜ
69 ਵਿਭਾਗਾਂ ਵਿੱਚ ਵੋਟਿੰਗ ਪ੍ਰਕਿਰਿਆ ਦੇ ਸੁਰੱਖਿਆ ਪ੍ਰਬੰਧਾਂ ਲਈ ਤਿੰਨ ਡੀ ਐੱਸ ਪੀਜ਼ ਦੀ ਅਗਵਾਈ ਹੇਠ 500 ਪੁਲੀਸ ਕਰਮਚਾਰੀ ਤਾਇਨਾਤ
ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਵਿਦਿਆਰਥੀ ਕੌਂਸਲ ਚੋਣਾਂ ਲਈ 31 ਅਗਸਤ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਪੈਣਗੀਆਂ। ਵੋਟਿੰਗ ਪ੍ਰਕਿਰਿਆ ਦੇ ਸੁਰੱਖਿਆ ਪ੍ਰਬੰਧਾਂ ਲਈ ਚੰਡੀਗੜ੍ਹ ਪੁਲੀਸ ਦੇ ਤਿੰਨ ਡੀ ਐੱਸ ਪੀਜ਼ ਦੀ ਅਗਵਾਈ ਹੇਠ 500 ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਪੀ ਯੂ ਦੀ ਸਕਿਓਰਿਟੀ ਦੇ ਕਰਮਚਾਰੀ ਵੀ ਤਾਇਨਾਤ ਰਹਿਣਗੇ।
ਅਥਾਰਿਟੀ ਵੱਲੋਂ ਜਾਰੀ ਸ਼ੈਡਿਊਲ ਮੁਤਾਬਕ 31 ਅਗਸਤ ਨੂੰ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ ਅਤੇ ਜੁਆਇੰਟ ਸਕੱਤਰ ਦੇ ਅਹੁਦਿਆਂ ਦੀ ਚੋਣ ਲਈ ਪੀ ਯੂ ਦੇ ਕੁੱਲ 69 ਵਿਭਾਗਾਂ ਵਿੱਚ ਸਵੇਰੇ 9:30 ਵਜੇ ਵੋਟਿੰਗ ਪ੍ਰਕਿਰਿਆ ਸ਼ੁਰੂ ਹੋਵੇਗੀ। ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਸਵੇਰੇ 11 ਵਜੇ ਤੋਂ ਬਾਅਦ ਸਾਰੇ ਵਿਭਾਗਾਂ ਵਿੱਚੋਂ ਅਹੁਦੇਦਾਰ ਉਮੀਦਵਾਰਾਂ ਦੀ ਚੋਣ ਵਾਲੀਆਂ ਬੈਲਟ ਪੇਟੀਆਂ ਰਿਟਰਨਿੰਗ ਅਫਸਰਾਂ ਤੋਂ ਪ੍ਰਾਪਤ ਕਰ ਕੇ ਜਿਮਨੇਜ਼ੀਅਮ ਹਾਲ ਵਿੱਚ ਪਹੁੰਚਾ ਦਿੱਤੀਆਂ ਜਾਣਗੀਆਂ। ਇਸ ਦੌਰਾਨ ਦੁਪਹਿਰ 12 ਵਜੇ ਡੀ ਆਰਾਂ ਦੇ ਨਤੀਜੇ ਐਲਾਨ ਕੇ ਸਬੰਧਤ ਵਿਭਾਗਾਂ ਵਿੱਚ ਡਿਸਪਲੇਅ ਕਰ ਦਿੱਤੇ ਜਾਣਗੇ। ਕੌਂਸਲ ਅਹੁਦੇਦਾਰੀ ਦੇ ਉਮੀਦਵਾਰਾਂ ਦੀਆਂ ਵੋਟਾਂ ਦੀ ਗਿਣਤੀ ਵੀ ਜਿਮਨੇਜ਼ੀਅਮ ਹਾਲ ਵਿੱਚ ਕੀਤੀ ਜਾਵੇਗੀ ਜਿਸ ਉਪਰੰਤ 8 ਸਤੰਬਰ ਨੂੰ ਦੁਪਹਿਰ 12 ਵਜੇ ਤੱਕ ਡੀ ਆਰਜ਼ ਦੇ ਰਿਜ਼ਲਟ ਡੀ ਐੱਸ ਡਬਲਿਯੂ ਦਫ਼ਤਰ ਵੱਲੋਂ ਸਾਰੇ ਚੇਅਰਪਰਸਨਾਂ, ਡਾਇਰੈਕਟਰਾਂ ਅਤੇ ਕੋ-ਆਰਡੀਨੇਟਰਾਂ ਨੂੰ ਭੇਜ ਦਿੱਤੇ ਜਾਣਗੇ। ਇਸ ਉਪਰੰਤ 11 ਸਤੰਬਰ ਨੂੰ ਸਵੇਰੇ 11 ਵਜੇ ਜੂਅਲੋਜੀ ਵਿਭਾਗ ਦੇ ਆਡੀਟੋਰੀਅਮ ਵਿੱਚ ਕਾਰਜਕਾਰਨੀ ਦੀ ਚੋਣ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਵਿਦਿਆਰਥੀ ਕੌਂਸਲ ਚੋਣ ਦੇ ਵਾਸਤੇ ਯੂ ਆਈ ਐੱਲ ਐੱਸ ਵਿਭਾਗ ਤੋਂ ਆਦਿਲ ਬਰਾੜ (ਏ ਐੱਸ ਏ ਪੀ), ਸੈਂਟਰ ਫਾਰ ਦਿ ਸਟੱਡੀ ਆਫ ਸੋਸ਼ਲ ਇਨਕਲੂਜ਼ਨ ਤੋਂ ਅੰਕਿਤ ਬਿਧਾਨ (ਏ ਬੀ ਵੀ ਪੀ), ਸਕੂਲ ਆਫ਼ ਪੰਜਾਬੀ ਸਟੱਡੀਜ਼ ਤੋਂ ਦਰਸ਼ਪ੍ਰੀਤ ਸਿੰਘ (ਸੱਥ), ਯੂ ਆਈ ਪੀ ਐੱਸ ਤੋਂ ਗੁਰਮਨ ਸਿੰਘ ਸਿੱਧੂ (ਐੱਨ ਐੱਸ ਯੂ ਆਈ) ਪ੍ਰਧਾਨਗੀ ਦੇ ਉਮੀਦਵਾਰ ਹਨ।
ਇਸੇ ਤਰ੍ਹਾਂ ਮੀਤ ਪ੍ਰਧਾਨ ਦੇ ਅਹੁਦੇ ਲਈ ਬਾਇਓ ਫਿਜ਼ਿਕਸ ਵਿਭਾਗ ਤੋਂ ਅਕਾਂਕਸ਼ਾ ਠਾਕੁਰ, ਲਾਅ ਵਿਭਾਗ ਤੋਂ ਅਰਮਾਨ ਸਿੰਘ ਭਿੰਡਰ, ਯੂ ਆਈ ਐੱਲ ਐੱਸ ਤੋਂ ਮਨਮੀਤ ਕੌਰ (ਸਾਖੀ) ਤੇ ਲਾਅ ਵਿਭਾਗ ਤੋਂ ਵਿਪੁਲ ਭਾਦੂ ਉਮੀਦਵਾਰ ਹਨ। ਸਕੱਤਰ ਦੇ ਅਹੁਦੇ ਲਈ ਯੂ ਆਈ ਐਲ ਐੱਸ ਵਿਭਾਗ ਤੋਂ ਆਰੀਅਨ ਸਹਾਰਨ ਅਤੇ ਧਿਆਨ ਸਿੰਘ, ਸੈਂਟਰ ਫਾਰ ਵਿਮੈੱਨ ਸਟੱਡੀਜ਼ ਐਂਡ ਡਿਵੈਲਪਮੈਂਟ ਤੋਂ ਮੁਸਕਾਨ ਚੌਹਾਨ ਉਮੀਦਵਾਰ ਹਨ।
ਜੁਆਇੰਟ ਸਕੱਤਰ ਦੇ ਅਹੁਦੇ ਲਈ ਪੋਲੀਟੀਕਲ ਸਾਇੰਸ ਵਿਭਾਗ ਤੋਂ ਆਮੀਨ ਕੌਰ, ਜੀ ਜੀ ਐੱਨ ਐੱਸ ਤੋਂ ਦੇਵਰਾਜ ਸਿੰਘ, ਨੈਣ ਰਾਮ ਚੰਦਰ ਸਿੰਘ ਅਤੇ ਯੂ ਆਈ ਏ ਐੱਮ ਐੱਸ ਵਿਭਾਗ ਤੋਂ ਵਿਸ਼ਾਲ ਬਾਮਲ ਚੋਣ ਲੜ ਰਹੇ ਹਨ।
ਏ ਬੀ ਵੀ ਪੀ ਅਤੇ ਐੱਸ ਓ ਆਈ ਵਿਚਾਲੇ ਗੱਠਜੋੜ
ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਭਲਕੇ 31 ਅਗਸਤ ਨੂੰ ਹੋਣ ਜਾ ਰਹੀਆਂ ਵਿਦਿਆਰਥੀ ਕੌਂਸਲ ਚੋਣਾਂ ਦੇ ਲਈ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗਾਂ ਏ ਬੀ ਵੀ ਪੀ ਅਤੇ ਐੱਸ ਓ ਆਈ ਦਾ ਗੱਠਜੋੜ ਹੋ ਗਿਆ ਹੈ। ਐੱਸ ਓ ਆਈ ਦੇ ਰਾਸ਼ਟਰੀ ਜਨਰਲ ਸਕੱਤਰ ਜਸ਼ਨਪ੍ਰੀਤ ਸਿੰਘ ਅਤੇ ਏ ਬੀ ਵੀ ਪੀ ਦੇ ਗੌਰਵਵੀਰ ਸਿੰਘ ਸੋਹਲ, ਜਸਕਰਨ ਭੁੱਲਰ, ਪਰਵਿੰਦਰ ਸਿੰਘ ਨੇਗੀ ਸਮੇਤ ਹੋਰ ਅਹੁਦੇਦਾਰਾਂ ਨੇ ਗੱਠਜੋੜ ਹੋਣ ਉਪਰੰਤ ਸੈਕਟਰ 14 ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਐੱਸ ਓ ਆਈ ਦੇ ਪ੍ਰਧਾਨਗੀ ਉਮੀਦਵਾਰ ਦੇ ਨਾਮਜਦਗੀ ਕਾਗਜ਼ ਅਥਾਰਿਟੀ ਵੱਲੋਂ ਰੱਦ ਕਰ ਦਿੱਤੇ ਜਾਣ ਮਗਰੋਂ ਹੁਣ ਇਹ ਜਥੇਬੰਦੀ ਪ੍ਰਧਾਨਗੀ ਦੀ ਚੋਣ ਨਹੀਂ ਲੜ ਰਹੀ ਜਿਸ ਦੇ ਚੱਲਦਿਆਂ ਏ ਬੀ ਵੀ ਪੀ ਨੂੰ ਬਿਨਾਂ ਸ਼ਰਤ ਸਮਰਥਨ ਦੇ ਦਿੱਤਾ ਗਿਆ ਹੈ ਅਤੇ ਭਲਕੇ 31 ਅਗਸਤ ਨੂੰ ਹੋਣ ਜਾ ਰਹੀ ਵੋਟਿੰਗ ਵਿੱਚ ਐੱਸ ਓ ਆਈ ਦੇ ਸਮਰਥਕ ਏ ਬੀ ਵੀ ਪੀ ਦੇ ਪ੍ਰਧਾਨਗੀ ਉਮੀਦਵਾਰ ਅੰਕਿਤ ਬਿਧਾਨ ਨੂੰ ਸਹਿਯੋਗ ਦੇਣਗੇ।

