Panjab University Shooting Case: ਚੰਡੀਗੜ੍ਹ ਪੁਲੀਸ ਵੱਲੋਂ ਚਾਰ ਸ਼ੂਟਰ ਗ੍ਰਿਫਤਾਰ
ਮੁੱਖ ਮੁਲਜ਼ਮਾਂ ਨੂੰ ਵਿਦੇਸ਼ੀ ਹਥਿਆਰਾਂ ਸਣੇ ਕੀਤਾ ਕਾਬੂ
ਚੰਡੀਗੜ੍ਹ ਪੁਲੀਸ ਦੇ ਅਪਰੇਸ਼ਨ ਸੈੱਲ ਨੇ ਪੰਜਾਬ ਯੂਨੀਵਰਸਿਟੀ ਵਿਚਲੇ ਗੋਲੀਕਾਂਡ ਅਤੇ ਲੁੱਟ-ਖੋਹ ਦੇ ਮਾਮਲੇ ਵਿੱਚ ਸ਼ਾਮਲ ਚਾਰ ਮੁੱਖ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਕਾਰਵਾਈ ਨਾਲ ਪੁਲੀਸ ਨੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਸਰਗਰਮ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਦੇ ਨੈੱਟਵਰਕ ਨਾਲ ਜੁੜੇ ਕਈ ਹੋਰ ਹਾਈ-ਪ੍ਰੋਫਾਈਲ ਅਪਰਾਧਿਕ ਮਾਮਲਿਆਂ ਨੂੰ ਵੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗੌਰਵ ਉਰਫ਼ ਗੋਲਾ, ਰਜਤ ਉਰਫ਼ ਗੁੱਡਾ, ਰਵੀ ਨਿੱਜਰ ਉਰਫ਼ ਕਾਲੀ ਅਤੇ ਆਰੀਅਨ ਵਜੋਂ ਹੋਈ ਹੈ। ਪੁਲੀਸ ਅਨੁਸਾਰ ਇਹ ਸਾਰੇ ਮੁਲਜ਼ਮ ਵਿਦੇਸ਼ ਬੈਠੇ ਗੈਂਗਸਟਰਾਂ ਸ਼ਗਨਪ੍ਰੀਤ ਸਿੰਘ ਅਤੇ ਡੋਨੀ ਬਲ ਦੇ ਬੇਹੱਦ ਨਜ਼ਦੀਕੀ ਸਾਥੀ ਅਤੇ ਉਨ੍ਹਾਂ ਦੇ ਮੁੱਖ ਸ਼ੂਟਰ ਹਨ।
ਇਹ ਗ੍ਰਿਫਤਾਰੀ ਚੰਡੀਗੜ੍ਹ ਪੁਲੀਸ ਦੇ ਉੱਚ ਅਧਿਕਾਰੀਆਂ ਅਤੇ ਯੂ.ਟੀ. ਦੇ ਡਾਇਰੈਕਟਰ ਜਨਰਲ ਆਫ਼ ਪੁਲੀਸ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚਲਾਈ ਗਈ ਇੱਕ ਵਿਸ਼ੇਸ਼ ਮੁਹਿੰਮ ਦੌਰਾਨ ਹੋਈ। ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਅਤੇ ਸਤਵਿੰਦਰ ਸਿੰਘ ਦੀ ਅਗਵਾਈ ਵਾਲੀਆਂ ਟੀਮਾਂ ਨੇ ਹਥਿਆਰਬੰਦ ਗੈਂਗਸਟਰਾਂ ਦੀ ਮੌਜੂਦਗੀ ਬਾਰੇ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ। ਪੁਲੀਸ ਨੇ ਮੁਲਜ਼ਮਾਂ ਕੋਲੋਂ ਤਿੰਨ ਆਧੁਨਿਕ ਆਟੋਮੈਟਿਕ ਪਿਸਤੌਲ ਅਤੇ 16 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਬੂਲ ਕੀਤਾ ਕਿ ਉਹ ਗੈਂਗਸਟਰ ਸ਼ਗਨਪ੍ਰੀਤ ਸਿੰਘ ਦੇ ਇਸ਼ਾਰੇ 'ਤੇ ਸੋਪੂ ਦੇ ਪ੍ਰਧਾਨ ਜਸ਼ਨ ਜਵੰਧਾ ਨੂੰ ਨਿਸ਼ਾਨਾ ਬਣਾਉਣ ਲਈ ਪੰਜਾਬ ਯੂਨੀਵਰਸਿਟੀ ਦੇ ਅੰਦਰ ਦਾਖਲ ਹੋਏ ਸਨ। ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਤੋਂ ਬਾਅਦ, ਉਹ ਯੂਨੀਵਰਸਿਟੀ ਦੇ ਪਿਛਲੇ ਗੇਟ ਰਾਹੀਂ ਫਰਾਰ ਹੋ ਗਏ ਅਤੇ ਕੈਂਪਸ ਦੇ ਬਾਹਰ ਇੱਕ ਮੰਦਰ ਦੇ ਨੇੜੇ ਪਿਸਤੌਲ ਦੀ ਨੋਕ 'ਤੇ ਇੱਕ ਬੁਲੇਟ ਮੋਟਰਸਾਈਕਲ ਖੋਹ ਕੇ ਮੁਹਾਲੀ ਵੱਲ ਭੱਜ ਗਏ ਸਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਮੁਲਜ਼ਮ ਵਿਦੇਸ਼ਾਂ ਵਿੱਚ ਬੈਠੇ ਆਪਣੇ ਆਗੂਆਂ ਨਾਲ ਇਨਕ੍ਰਿਪਟਡ (ਗੁਪਤ) ਮੈਸੇਜਿੰਗ ਐਪਸ ਰਾਹੀਂ ਸਿੱਧੇ ਸੰਪਰਕ ਵਿੱਚ ਸਨ ਅਤੇ ਵੱਖ-ਵੱਖ ਕਿਊ.ਆਰ. ਕੋਡ (QR-code) ਟ੍ਰਾਂਜੈਕਸ਼ਨਾਂ ਰਾਹੀਂ ਫੰਡ ਪ੍ਰਾਪਤ ਕਰ ਰਹੇ ਸਨ।
ਚੰਡੀਗੜ੍ਹ ਪੁਲੀਸ ਮੁਤਾਬਕ ਇਨ੍ਹਾਂ ਸ਼ੂਟਰਾਂ ਦੀ ਗ੍ਰਿਫਤਾਰੀ ਨਾਲ ਪੰਜਾਬ ਵਿੱਚ ਹੋਏ ਦੋ ਸਨਸਨੀਖੇਜ਼ ਕਤਲ ਅਤੇ ਇੱਕ ਗੋਲੀਬਾਰੀ ਦਾ ਮਾਮਲਾ ਵੀ ਸੁਲਝ ਗਿਆ ਹੈ। ਇਹਨਾਂ ਵਿੱਚ ਕਪੂਰਥਲਾ ਵਿੱਚ ਹੋਇਆ ਗੋਪੀ ਨਿੱਜਰ ਦਾ ਕਤਲ, ਅੰਮ੍ਰਿਤਸਰ ਦੇ ਮਹਿਤਾ ਚੌਕ ਨੇੜੇ 12ਵੀਂ ਜਮਾਤ ਦੇ ਵਿਦਿਆਰਥੀ ਅਮਰਜੋਤ ਸਿੰਘ ਦਾ ਕਤਲ ਅਤੇ ਖੰਨਾ ਵਿੱਚ ਇੱਕ ਆੜ੍ਹਤੀ ਦੀ ਦੁਕਾਨ 'ਤੇ ਹੋਈ ਗੋਲੀਬਾਰੀ ਦਾ ਮਾਮਲਾ ਸ਼ਾਮਲ ਹੈ।
ਇਸ ਮਾਮਲੇ ਦੇ ਇੱਕ ਹੋਰ ਮੁਲਜ਼ਮ ਆਰੀਅਨ ਨੂੰ ਪੁਲੀਸ ਨੇ ਸੈਕਟਰ-26 ਦੇ ਇੱਕ ਕਲੱਬ ਦੇ ਪਿੱਛੋਂ ਇੱਕ ਆਟੋਮੈਟਿਕ ਪਿਸਤੌਲ ਅਤੇ ਚਾਰ ਕਾਰਤੂਸਾਂ ਸਮੇਤ ਵੱਖਰੇ ਤੌਰ 'ਤੇ ਗ੍ਰਿਫਤਾਰ ਕੀਤਾ ਹੈ। ਪੁਲੀਸ ਰਿਕਾਰਡ ਅਨੁਸਾਰ ਰਵੀ ਨਿੱਜਰ ਉਰਫ਼ ਕਾਲੀ ਸੋਸ਼ਲ ਮੀਡੀਆ ਰਾਹੀਂ ਇਸ ਗਰੋਹ ਵਿੱਚ ਸ਼ਾਮਲ ਹੋਇਆ ਸੀ ਅਤੇ ਰੇਕੀ ਕਰਨ ਅਤੇ ਹਮਲੇ ਕਰਨ ਵਿੱਚ ਸਰਗਰਮ ਸੀ। ਇਨ੍ਹਾਂ ਵਿੱਚੋਂ ਕੁਝ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਪੰਜਾਬ ਅਤੇ ਰਾਜਸਥਾਨ ਵਿੱਚ ਕਤਲ ਅਤੇ ਨਸ਼ਾ ਤਸਕਰੀ ਵਰਗੇ ਕਈ ਗੰਭੀਰ ਮਾਮਲੇ ਦਰਜ ਹਨ।

