ਪੰਜਾਬ ’ਵਰਸਿਟੀ: ਬੀ ਕਾਮ ਦਾ ਪੇਪਰ ਲੀਕ ਹੋਣ ਦਾ ਖ਼ਦਸ਼ਾ
ਬੰਡਲ ਖੁੱਲ੍ਹਣ ਦੀਆਂ ਸ਼ਿਕਾਇਤਾਂ ਮਗਰੋਂ ਪੇਪਰ ਮੁਲਤਵੀ; ਅੱਜ ਦੁਪਹਿਰ ਵੇਲੇ ਹੋਣੀ ਸੀ ਪ੍ਰੀਖਿਆ
ਪੰਜਾਬ ਯੂਨੀਵਰਸਿਟੀ ਦਾ ਬੀ ਕਾਮ ਸਮੈਸਟਰ ਤੀਜਾ ਦਾ ਭਲਕੇ 9 ਦਸੰਬਰ ਨੂੰ ਹੋਣ ਵਾਲਾ ਪੇਪਰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਪੇਪਰ ਦੇ ਲੀਕ ਹੋਣ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਨੇ ਇਹ ਪੇਪਰ ਮੁਲਤਵੀ ਕਰ ਕੇ ਜਨਵਰੀ ਵਿੱਚ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਇਸ ਪੇਪਰ ਦੇ ਮੁਲਤਵੀ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਪੰਜਾਬ ਯੂਨੀਵਰਸਿਟੀ ਵਿਚ ਫੋਨ ਖੜਕਦੇ ਰਹੇ ਪਰ ਕਿਸੇ ਵੀ ਅਧਿਕਾਰੀ ਨੇ ਪੇਪਰ ਮੁਲਤਵੀ ਹੋਣ ਦੀ ਵਜ੍ਹਾ ਨਾ ਦੱਸੀ। ਇਸ ਪੇਪਰ ਦੇ ਮੁਲਤਵੀ ਹੋਣ ਦਾ ਪੱਤਰ ‘ਪੰਜਾਬੀ ਟ੍ਰਿਬਿਊਨ’ ਕੋਲ ਮੌਜੂਦ ਹੈ। ਇਹ ਪ੍ਰੀਖਿਆ ਪੰਜਾਬ ਤੇ ਚੰਡੀਗੜ੍ਹ ਦੇ ਕਾਲਜਾਂ ਵਿਚ ਲਈ ਜਾਣੀ ਸੀ। ਇਸ ਤੋਂ ਇਲਾਵਾ ਬੀਕਾਮ ਪੰਜਵੇਂ ਸਮੈਸਟਰ ਦੀ ਮੈਨੇਜਮੈਂਟ ਅਕਾਊਂਟਿੰਗ ਨੰਬਰ 12652 ਦੀ ਪ੍ਰੀਖਿਆ ਵੀ ਮੁਲਤਵੀ ਕੀਤੀ ਗਈ ਹੈ। ਇਹ ਪ੍ਰੀਖਿਆ ਵੀ 9 ਦਸੰਬਰ ਨੂੰ ਹੋਣੀ ਸੀ ਜੋ ਹੁਣ ਪਹਿਲੀ ਜਨਵਰੀ ਨੂੰ ਹੋਵੇਗੀ।
ਜਾਣਕਾਰੀ ਅਨੁਸਾਰ ਬੀ ਕਾਮ ਸਮੈਸਟਰ ਤੀਜਾ ਦਾ ਗੁੱਡਜ਼ ਤੇ ਸਰਵਿਸ ਟੈਕਸ ਨੰਬਰ 12602 ਨੌਂ ਦਸੰਬਰ ਨੂੰ ਈਵਨਿੰਗ ਸ਼ਿਫਟ ਵਿੱਚ ਹੋਣਾ ਸੀ ਪਰ ਪੰਜਾਬ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਇਹ ਜਾਣਕਾਰੀ ਮਿਲੀ ਕਿ ਇਹ ਪੇਪਰ ਅੱਜ ਹੀ ਕਈ ਥਾਂ ’ਤੇ ਖੋਲ੍ਹ ਦਿੱਤਾ ਗਿਆ ਹੈ ਜਦਕਿ ਨਿਯਮਾਂ ਅਨੁਸਾਰ ਇਹ ਪੇਪਰ 9 ਦਸੰਬਰ ਨੂੰ 12 ਵਜੇ ਦੁਪਹਿਰ ਦੇ ਕਰੀਬ ਖੋਲ੍ਹਣਾ ਬਣਦਾ ਸੀ। ਪੰਜਾਬ ਯੂਨੀਵਰਸਿਟੀ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਇਹ ਸ਼ਿਕਾਇਤਾਂ ਮਿਲੀਆਂ ਹਨ ਕਿ ਇਹ ਪੇਪਰ ਲੀਕ ਹੋ ਗਿਆ ਹੈ। ਇਹ ਪੇਪਰ ਇਕ ਥਾਂ ਨਹੀਂ ਬਲਕਿ ਕਈ ਥਾਵਾਂ ’ਤੇ ਖੋਲ੍ਹਿਆ ਗਿਆ। ਯੂਨੀਵਰਸਿਟੀ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਜਿਸ ਕਰ ਕੇ ਇਹ ਪੇਪਰ ਛੁੱਟੀਆਂ ਤੋਂ ਬਾਅਦ ਲਿਆ ਜਾਵੇਗਾ। ਇਕ ਕਾਲਜ ਦੇ ਅਧਿਆਪਕ ਨੇ ਦੱਸਿਆ ਕਿ ਕੇਂਦਰ ਤੇ ਯੂ ਜੀ ਸੀ ਵੱਲੋਂ ਸਪੱਸ਼ਟ ਹਦਾਇਤਾਂ ਹਨ ਕਿ ਕੋਈ ਵੀ ਪ੍ਰੀਖਿਆ ਪੱਤਰ ਪ੍ਰੀਖਿਆ ਤੋਂ ਕੁਝ ਸਮਾਂ ਪਹਿਲਾਂ ਖੋਲ੍ਹਿਆ ਜਾਣਾ ਚਾਹੀਦਾ ਹੈ ਤੇ ਇਸ ਬਾਰੇ ਪ੍ਰੀਖਿਆ ਸ਼ਾਖਾ ਦੇ ਹਰ ਮੁਲਾਜ਼ਮ ਤੇ ਕਾਲਜਾਂ ਨੂੰ ਜਾਣਕਾਰੀ ਹੁੰਦੀ ਹੈ ਤੇ ਇਹ ਪੱਤਰ ਕਿਸ ਦੀ ਇਜਾਜ਼ਤ ਨਾਲ ਸਮੇਂ ਤੋਂ ਪਹਿਲਾਂ ਖੋਲ੍ਹਿਆ ਗਿਆ।
ਸ਼ਿਕਾਇਤਾਂ ਤੋਂ ਬਾਅਦ ਪ੍ਰੀਖਿਆ ਮੁਲਤਵੀ ਕੀਤੀ: ਕੰਟਰੋਲਰ ਪ੍ਰੀਖਿਆਵਾਂ
ਪੰਜਾਬ ਯੂਨੀਵਰਸਿਟੀ ਦੇ ਅਸਿਸਟੈਂਟ ਰਜਿਸਟਰਾਰ ਕੰਡਕਟ ਜਸਮੇਰ ਨਾਲ ਜਦੋਂ ਪ੍ਰੀਖਿਆ ਪੱਤਰ ਮੁਲਤਵੀ ਕਰਨ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਪ੍ਰੀਖਿਆ ਪ੍ਰਸ਼ਾਸਕੀ ਕਾਰਨਾਂ ਕਰ ਕੇ ਮੁਲਤਵੀ ਕੀਤੀ ਗਈ ਹੈ। ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਦੇ ਕੰਟਰੋਲਰ ਪ੍ਰੀਖਿਆਵਾਂ ਡਾ. ਜਗਤ ਭੂਸ਼ਨ ਨੇ ਖੁਦ ਮੰਨਿਆ ਕਿ ਇਹ ਪੇਪਰ ਦੋ ਤਿੰਨ ਥਾਵਾਂ ’ਤੇ ਗਲਤੀ ਨਾਲ ਖੁੱਲ੍ਹ ਗਿਆ ਸੀ ਜਿਸ ਕਾਰਨ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ। ਬੀਕਾਮ ਸਮੈਸਟਰ ਤਿੰਨ ਦੀ ਗੁਡਜ਼ ਐਂਡ ਸਰਵਿਸ ਟੈਕਸ (ਕਾਮਨ ਵਿਦ ਬੀਕਾਮ ਟੈਕਸ ਪਲਾਨਿੰਗ ਐਂਡ ਮੈਨੇਜਮੈਂਟ ਐਂਡ ਬੀਕਾਮ ਅਕਾਊਂਟਿੰਗ ਐਂਡ ਫਾਇਨਾਂਸ) ਦੀ ਪ੍ਰੀਖਿਆ 9 ਦਸੰਬਰ ਦੀ ਥਾਂ ਅਗਲੇ ਸਾਲ ਦੋ ਜਨਵਰੀ ਨੂੰ ਹੋਵੇਗੀ।

