Punjab University elections: ‘ਆਪ’ ਵਿਧਾਇਕ ਵੱਲੋਂ ਏ ਬੀ ਵੀ ਪੀ ਉਮੀਦਵਾਰ ਦੀ ਨਾਮਜ਼ਦਗੀ ’ਚ ਬੇਨੇਮੀਆਂ ਦੇ ਦੋਸ਼
PU Nomination Controversy: ਪਾਰਟੀ ਦੇ ਪੰਜਾਬ ਯੂਨੀਵਰਸਿਟੀ ਚੋਣਾਂ ਦੇ ਇੰਚਾਰਜ ਨੇ ਨਾਮਜ਼ਦਗੀ ਰੱਦ ਨਾ ਕਰਨ ਦੇ ਦੋਸ਼ ਲਾਏ; ਹਾਈ ਕੋਰਟ ਜਾਣ ਦੀ ਚਿਤਾਵਨੀ ਦਿੱਤੀ
PU Nomination Controversy: ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਤੇ ਪੰਜਾਬ ਯੂਨੀਵਰਸਿਟੀ (ਪੀ ਯੂ) ਚੋਣਾਂ ਦੇ ਇੰਚਾਰਜ ਅੰਮ੍ਰਿਤਪਾਲ ਸੁਖਾਨੰਦ ਨੇ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਏ ਬੀ ਵੀ ਪੀ ਦੀ ਪ੍ਰਧਾਨਗੀ ਦੇ ਅਹੁਦੇ ਦੀ ਉਮੀਦਵਾਰ ਅੰਕਿਤਾ ਭਿਧਾਨ ਦੀ ਨਾਮਜ਼ਦਗੀ ਵਿੱਚ ਵੱਡੀਆਂ ਬੇਨੇਮੀਆਂ ਹੋਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਪੀ ਯੂ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਭਲਕ 31 ਅਗਸਤ ਨੂੰ ਹੋਣ ਜਾ ਰਹੀਆਂ ਹਨ ਅਤੇ ਇਸ ਤੋਂ ਪਹਿਲਾਂ ਹੀ ਨਾਮਜ਼ਦਗੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਸੁਰੱਖਿਆ ਦੇ ਮੱਦੇਨਜ਼ਰ ਯੂਨੀਵਰਸਿਟੀ ਕੈਂਪਸ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ਅਤੇ ਤਿੰਨੋਂ ਗੇਟਾਂ 'ਤੇ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ।
ਆਪ ਵਿਧਾਇਕ ਅੰਮ੍ਰਿਤਪਾਲ ਸੁਖਾਨੰਦ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਕੱਲ੍ਹ ਹੀ ਏ ਬੀ ਵੀ ਪੀ ਉਮੀਦਵਾਰ ਦੀ ਨਾਮਜ਼ਦਗੀ ਵਿੱਚ ਪੰਜ ਵੱਡੀਆਂ ਗਲਤੀਆਂ ਕੱਢੀਆਂ ਸਨ। ਉਨ੍ਹਾਂ ਮੁਤਾਬਕ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਜੇਕਰ ਪ੍ਰਧਾਨਗੀ ਦੇ ਉਮੀਦਵਾਰ ਦੇ ਕਾਗਜ਼ਾਂ ਵਿੱਚ ਕੋਈ ਵੀ ਗਲਤੀ ਨਿਕਲਦੀ ਹੈ ਤਾਂ ਉਸ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਜਾਂਦੀ ਹੈ ਪਰ ਇੰਨੀਆਂ ਗਲਤੀਆਂ ਹੋਣ ਦੇ ਬਾਵਜੂਦ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ।
ਸੁਖਾਨੰਦ ਨੇ ਇਹ ਵੀ ਦਾਅਵਾ ਕੀਤਾ ਕਿ ਉਮੀਦਵਾਰ ਪਹਿਲਾਂ ਨਕਲ ਮਾਰਨ ਦੇ ਇੱਕ ਮਾਮਲੇ ਵਿੱਚ ਵੀ ਸ਼ਾਮਲ ਸੀ ਅਤੇ ਯੂਨੀਵਰਸਿਟੀ ਵੱਲੋਂ ਉਸ 'ਤੇ ਦੋ ਸਾਲ ਦੀ ਪਾਬੰਦੀ ਵੀ ਲਗਾਈ ਗਈ ਸੀ। ਇਸ ਤੋਂ ਇਲਾਵਾ ਸੈਕਟਰ-11 ਥਾਣੇ ਵਿੱਚ ਕੁੱਟਮਾਰ ਦੇ ਮਾਮਲੇ ਤਹਿਤ ਕੇਸ ਦਰਜ ਹੋਣ ਦਾ ਵੀ ਦਾਅਵਾ ਕੀਤਾ ਗਿਆ ਹੈ। ਆਪ ਨੇ ਸਾਬਰਮਤੀ ਯੂਨੀਵਰਸਿਟੀ ਤੋਂ ਲਈ ਗਈ ਡਿਗਰੀ 'ਤੇ ਵੀ ਸ਼ੱਕ ਜਤਾਉਂਦਿਆਂ ਇਸ ਦੀ ਜਾਂਚ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਜੇਕਰ ਨਾਮਜ਼ਦਗੀ ਰੱਦ ਨਾ ਕੀਤੀ ਗਈ ਤਾਂ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਕਰਨਗੇ।
ਦੱਸਣਾ ਬਣਦਾ ਹੈ ਕਿ ਪੰਜਾਬ ਯੂਨੀਵਰਸਿਟੀ ਤੇ ਇਸ ਦੇ ਚੰਡੀਗੜ੍ਹ ਵਿਚ ਸਬੰਧਤ ਕਾਲਜਾਂ ਵਿਚ 31 ਅਗਸਤ ਨੂੰ ਵੋਟਾਂ ਪੈਣੀਆਂ ਹਨ।

