Punjab Students Union Lalkar: ਪੀ ਐੱਸ ਯੂ ਲਲਕਾਰ ਵੱਲੋਂ ਫੀਸ ਵਾਧੇ ਦਾ ਵਿਰੋਧ
ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਫੀਸ ਵਾਧਾ ਵਾਪਸ ਕਰਾਉਣ, ਪ੍ਰੋਫੈਸਰਾਂ ਦੀ ਭਰਤੀ ਕਰਵਾਉਣ, ਹੋਸਟਲ ਅਤੇ ਵਿਭਾਗਾਂ ਦੀ ਸੰਭਾਲ ਵਰਗੇ ਮਸਲਿਆਂ ਨਾਲ਼ ਸਬੰਧਤ 10 ਮੰਗਾਂ ਲਈ ਅੱਜ ਵਾਈਸ ਚਾਂਸਲਰ ਦਫ਼ਤਰ ਅੱਗੇ ਮੁਜ਼ਾਹਰਾ ਕੀਤਾ ਗਿਆ। ਵਿਦਿਆਰਥੀਆਂ ਨੇ ਅਥਾਰਿਟੀ...
ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਫੀਸ ਵਾਧਾ ਵਾਪਸ ਕਰਾਉਣ, ਪ੍ਰੋਫੈਸਰਾਂ ਦੀ ਭਰਤੀ ਕਰਵਾਉਣ, ਹੋਸਟਲ ਅਤੇ ਵਿਭਾਗਾਂ ਦੀ ਸੰਭਾਲ ਵਰਗੇ ਮਸਲਿਆਂ ਨਾਲ਼ ਸਬੰਧਤ 10 ਮੰਗਾਂ ਲਈ ਅੱਜ ਵਾਈਸ ਚਾਂਸਲਰ ਦਫ਼ਤਰ ਅੱਗੇ ਮੁਜ਼ਾਹਰਾ ਕੀਤਾ ਗਿਆ। ਵਿਦਿਆਰਥੀਆਂ ਨੇ ਅਥਾਰਿਟੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।
ਪੀ ਐੱਸ ਯੂ (ਲਲਕਾਰ) ਤੋਂ ਜੋਬਨਪ੍ਰੀਤ ਅਤੇ ਸਾਰਾਹ ਨੇ ਕਿਹਾ ਕਿ ਨਿੱਜੀਕਰਨ ਦੀਆਂ ਨੀਤੀਆਂ ਯੂਨੀਵਰਸਿਟੀ ਨੂੰ ਘੁਣ ਵਾਂਗ ਖਾ ਰਹੀਆਂ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਈ ਕੋਰਸਾਂ ਦੀਆਂ ਫੀਸਾਂ ਵਧਾਈਆਂ ਗਈਆਂ ਹਨ। ਸਾਲ 2023 ਵਿੱਚ ਰਵਾਇਤੀ ਕੋਰਸਾਂ ਵਿੱਚ 5 ਪ੍ਰਤੀਸ਼ਤ (ਪਰ 1000 ਰੁਪਏ ਤੋਂ ਹੇਠਾਂ ਹੀ) ਅਤੇ ਸੈਲਫ ਫਾਈਨਾਂਸਡ ਕੋਰਸਾਂ ਵਿੱਚ 7.5 ਪ੍ਰਤੀਸ਼ਤ (ਪਰ 7500 ਰੁਪਏ ਤੋਂ ਹੇਠਾਂ) ਦੇ ਸਾਲਾਨਾ ਫੀਸ ਵਾਧੇ ਦੀ ਨੀਤੀ ਲਾਗੂ ਕੀਤੀ ਗਈ ਸੀ। ਇਸ ਪਿੱਛੋਂ ਵਿਦਿਆਰਥੀਆਂ ਉੱਤੇ ਫੀਸਾਂ ਦੀ ਬੋਝ ਵਧਿਆ ਹੈ। ਇਸ ਵਿੱਚ ਰਵਾਇਤੀ ਕੋਰਸ ਵਿੱਚ 5 ਪ੍ਰਤੀਸ਼ਤ ਦਾ ਵਾਧਾ ਤੈਅ ਕੀਤਾ ਗਿਆ ਸੀ, ਪਰ ਅਸਲ ਵਾਧਾ ਕਿਤੇ ਵੱਧ ਹੈ। ਸਿਰਫ਼ ਕੋਰਸਾਂ ਦੀਆਂ ਟਿਊਸ਼ਨ ਫੀਸਾਂ ਹੀ ਨਹੀਂ ਸਗੋਂ ਪ੍ਰੀਖਿਆ ਫੀਸਾਂ ਰਾਹੀਂ ਵੀ ਲੁੱਟ ਜਾਰੀ ਹੈ।
ਉਨ੍ਹਾਂ ਮੰਗ ਕੀਤੀ ਕਿ 2026-27 ਸੈਸ਼ਨ ਵਿੱਚ ਕਿਤੇ ਫੀਸ ਵਾਧੇ ਵਾਪਸ ਲਏ ਜਾਣ ਅਤੇ ਵਾਧੂ ਭਰੀ ਫੀਸ ਨੂੰ ਅਗਲੇ ਸਮੈਸਟਰ ਦੀ ਫੀਸ ਵਿੱਚ ਪਾਇਆ ਜਾਵੇ। ਯੂਨੀਵਰਸਿਟੀ ਵਿੱਚ ਲਾਗੂ ਸਾਲਾਨਾ 5 ਤੋਂ 7.5 ਪ੍ਰਤੀਸ਼ਤ ਦੀ ਫੀਸ ਵਾਧੇ ਦੀ ਨੀਤੀ ਰੱਦ ਕੀਤੀ ਜਾਵੇ। ਇਸ ਦੌਰਾਨ ਅਥਾਰਿਟੀ ਵੱਲੋਂ ਡੀਨ ਵਿਦਿਆਰਥੀ ਭਲਾਈ ਨਮਿਤਾ ਗੁਪਤਾ ਨੇ ਮੰਗ ਪੱਤਰ ਲਿਆ ਅਤੇ ਭਰੋਸਾ ਦਿਵਾਇਆ ਕਿ ਮੰਗਾਂ ਨੂੰ ਯੂਨੀਵਰਸਿਟੀ ਦੇ ਸਬੰਧਿਤ ਅਧਿਕਾਰੀ ਨੂੰ ਭੇਜਿਆ ਜਾਵੇਗਾ।

