Punjab Soldier Death: ਸਰਬਜੀਤ ਸਿੰੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ
ਜਨਵਰੀ ਵਿੱਚ ਹੋਇਆ ਸੀ ਵਿਆਹ; 10 ਦਿਨਾਂ ਬਾਅਦ ਆਉਣਾ ਸੀ ਛੁੱਟੀ
ਸਿਆਚਨ ਵਿੱਚ ਤਾਇਨਾਤ 24 ਪੰਜਾਬ ਰੈਜੀਮੈਂਟ ਦੇ ਜਵਾਨ ਸਰਬਜੀਤ ਸਿੰੰਘ (27) ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਬਿੰਦਰਖ ਦੇ ਸਮਸ਼ਾਨਘਾਟ ਵਿੱਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਤਿਰੰਗੇ ਝੰਡੇ ਵਿੱਚ ਲਪੇਟੀ ਸਰਬਜੀਤ ਸਿੰਘ ਦੀ ਦੇਹ ਬਾਅਦ ਦੁਪਹਿਰ ਬਿੰੰਦਰਖ ਪੁੱੱਜੀ। ਮ੍ਰਿਤਕ ਦੇ ਘਰ ਲੋੜੀਂਦੀਆਂ ਰਸਮਾਂ ਪੂਰੀਆਂ ਕਰਨ ਉਪਰੰੰਤ ਪਿੰਡ ਦੇ ਸਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਫੌਜੀ ਜਵਾਨਾਂ ਨੇ ਮਾਤਮੀ ਧੁੰਨਾਂ ਵਜਾਉਣ ਤੋਂ ਬਾਅਦ ਹਵਾਈ ਫਾਇਰ ਕਰ ਕੇ ਵਿਛੜੇ ਸਾਥੀ ਨੂੰ ਸਲਾਮੀ ਦਿੱਤੀ। ਮ੍ਰਿਤਕ ਦੇ ਪਿਤਾ ਦਰਸ਼ਨ ਸਿੰਘ , ਤਾਇਆ ਸੁਖਵਿੰਦਰ ਸਿੰਘ, ਨਵ ਵਿਆਹੀ ਪਤਨੀ ਅਮਨਜੋਤ ਕੌਰ , ਹਲਕਾ ਵਿਧਾਇਕ ਦਿਨੇਸ਼ ਕੁਮਾਰ ਚੱਢਾ ਤੋਂ ਇਲਾਵਾ ਫੌਜ ਅਤੇ ਸਿਵਲ ਅਧਿਕਾਰੀਆਂ ਵੱਲੋਂ ਮ੍ਰਿਤਕ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸਰਬਜੀਤ ਸਿੰਘ ਦੇ ਤਾਇਆ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ 15 ਸਤੰਬਰ 2018 ਨੂੰ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਉਸ ਦਾ 25 ਜਨਵਰੀ 2026 ਨੂੰ ਕਾਨੂੰਨ ਦੀ ਪੜ੍ਹਾਈ ਕਰ ਰਹੀ ਅਮਨਜੋਤ ਕੌਰ ਨਾਲ ਵਿਆਹ ਹੋਇਆ ਸੀ। ਮੌਤ ਤੋਂ ਇੱੱਕ ਦਿਨ ਪਹਿਲਾਂ ਹੀ ਉਸ ਨੇ ਵੀਡੀਓ ਕਾਲ ਰਾਹੀਂ ਆਪਣੀ ਪਤਨੀ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਸੀ। ਉਸ ਨੇ ਦਸ ਦਿਨਾਂ ਤੱਕ ਛੁੱਟੀ ਆਉਣਾ ਸੀ।
ਫੌਜੀ ਅਧਿਕਾਰੀ ਲੈਫਟੀਨੈਂਟ ਦਵਿਆਂਸ ਕਾਲਾ ਨੇ ਦੱਸਿਆ ਕਿ ਸਰਬਜੀਤ ਸਿੰਘ ਹੋਰ ਫੌਜੀ ਜਵਾਨਾਂ ਸਣੇ ਸਿਆਚਨ ਗਲੇਸ਼ੀਅਰ ਵਿੱਚ ਬਰਫੀਲੇ ਖੇਤਰ ਵਿੱਚ ਤਾਇਨਾਤ ਸੀ ਅਤੇ ਆਕਸੀਜਨ ਘਟਣ ਕਾਰਨ ਉਸ ਦੀ ਮੌਤ ਹੋ ਗਈ। ਇਸ ਮੌਕੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਕਾਂਗਰਸੀ ਆਗੂ ਵਿਜੈ ਕੁਮਾਰ ਟਿੰੰਕੂ, ਲਖਵੰਤ ਸਿੰਘ ਹਿਰਦਾਪੁਰ, ‘ਆਪ’ ਦੇ ਬਲਾਕ ਪ੍ਰਧਾਨ ਚੌਧਰੀ ਚਰਨ ਦਾਸ ਬਰਦਾਰ, ਸਰਪੰਚ ਯੂਨੀਅਨ ਦੇ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਬਾਲਾ, ਭਾਜਪਾ ਆਗੂ ਅਵਤਾਰ ਸਿੰਘ ਪੱਪੀ, ਕਿਸਾਨ ਆਗੂ ਭੁਪਿੰਦਰ ਸਿੰਘ ਬਿੰਦਰਖ ਹਾਜ਼ਰ ਸਨ।

