Punjab Sanitation Workers Strike: 3 ਹਫ਼ਤਿਆਂ ਦੀ ਹੜਤਾਲ ਖ਼ਤਮ: ਪੰਜਾਬ ਭਰ ’ਚ ਕੂੜਾ ਚੁੱਕਣ ਲਈ ਚੱਲੀਆਂ ਜੇਸੀਬੀ ਮਸ਼ੀਨਾਂ
ਕੱਲ੍ਹ ਸਫ਼ਾਈ ਸੇਵਕਾਂ ਨਾਲ ਸਹੀਬੱਧ ਹੋਵੇਗਾ ਅੰਤਿਮ ਸਮਝੌਤਾ; ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਜਲਦ ਸਥਿਤੀ ਸੁਧਾਰਨ ਦਾ ਦਾਅਵਾ
ਸਫ਼ਾਈ ਸੇਵਕਾਂ ਦੀ ਲਗਭਗ ਤਿੰਨ ਹਫ਼ਤੇ ਲੰਮੀ ਚੱਲੀ ਹੜਤਾਲ ਖ਼ਤਮ ਹੋਣ ਤੋਂ ਬਾਅਦ ਪੰਜਾਬ ਭਰ ਦੀਆਂ ਨਗਰ ਕੌਂਸਲਾਂ ਨੇ ਸ਼ਹਿਰਾਂ ਵਿੱਚ ਲੱਗੇ ਕੂੜੇ ਦੇ ਵੱਡੇ-ਵੱਡੇ ਢੇਰਾਂ ਨੂੰ ਹਟਾਉਣ ਲਈ ਜੇਸੀਬੀ (JCB) ਅਤੇ ਹੋਰ ਭਾਰੀ ਮਸ਼ੀਨਰੀ ਮੈਦਾਨ ਵਿੱਚ ਉਤਾਰ ਦਿੱਤੀ ਹੈ।
ਮੌਨਸੂਨ ਦੇ ਮੌਸਮ ਦੌਰਾਨ ਬਾਜ਼ਾਰਾਂ, ਰਿਹਾਇਸ਼ੀ ਇਲਾਕਿਆਂ ਅਤੇ ਮੁੱਖ ਸੜਕਾਂ ’ਤੇ ਕੂੜਾ ਇਕੱਠਾ ਹੋਣ ਕਰਕੇ ਬਦਬੂ ਅਤੇ ਬੀਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਸੀ, ਜਿਸ ਨੂੰ ਦੇਖਦਿਆਂ ਸਥਾਨਕ ਸਰਕਾਰਾਂ ਵਿਭਾਗ ਨੇ ਵੱਡੇ ਪੱਧਰ ’ਤੇ ਸਫ਼ਾਈ ਮੁਹਿੰਮ ਵਿੱਢੀ ਹੈ। ਡੋਰ-ਟੂ-ਡੋਰ ਕੂੜਾ ਇਕੱਠਾ ਕਰਨ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਸ਼ੁਰੂ ਹੋਣ ਤੋਂ ਪਹਿਲਾਂ ਮਸ਼ੀਨਾਂ ਰਾਹੀਂ ਪੁਰਾਣੇ ਢੇਰਾਂ ਨੂੰ ਸਾਫ਼ ਕੀਤਾ ਜਾ ਰਿਹਾ ਹੈ।
ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ‘ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਫ਼ਾਈ ਸੇਵਕਾਂ ਨਾਲ ਗੱਲਬਾਤ ਸਫ਼ਲ ਰਹਿਣ ਤੋਂ ਬਾਅਦ ਸੂਬੇ ਭਰ ਵਿੱਚ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਕਰਮਚਾਰੀਆਂ ਦੀਆਂ ਮੁੱਖ ਮੰਗਾਂ ਨੂੰ ਪ੍ਰਵਾਨ ਕਰ ਲਿਆ ਹੈ ਅਤੇ ਪੰਜਾਬ ਸਰਕਾਰ ਤੇ ਮੁਲਾਜ਼ਮ ਨੁਮਾਇੰਦਿਆਂ ਵਿਚਕਾਰ ਸੋਮਵਾਰ ਨੂੰ ਰਸਮੀ ਸਮਝੌਤਾ ਸਹੀਬੱਧ (Sign) ਕੀਤਾ ਜਾਵੇਗਾ, ਜਿਸ ਨਾਲ ਹੜਤਾਲ ਦਾ ਸਰਕਾਰੀ ਤੌਰ ’ਤੇ ਭੋਗ ਪੈ ਜਾਵੇਗਾ।
ਸਮਝੌਤੇ ਤਹਿਤ ਆਊਟਸੋਰਸ ’ਤੇ ਕੰਮ ਕਰਦੇ ਸਫ਼ਾਈ ਸੇਵਕਾਂ ਨੂੰ ਠੇਕੇ (Contractual system) ’ਤੇ ਲਿਆ ਕੇ ਉਨ੍ਹਾਂ ਦੀ ਮਹੀਨਾਵਾਰ ਤਨਖਾਹ ਵਧਾ ਕੇ 20,500 ਰੁਪਏ ਕੀਤੀ ਜਾਵੇਗੀ। ਇਸ ਤੋਂ ਇਲਾਵਾ 2021 ਤੋਂ ਠੇਕੇ 'ਤੇ ਕੰਮ ਕਰ ਰਹੇ ਸਫ਼ਾਈ ਸੇਵਕਾਂ ਨੂੰ ਪੱਕਾ (Regularise) ਕਰਨ ਦੀ ਮੁੱਖ ਮੰਗ ਵੀ ਸਰਕਾਰ ਨੇ ਮੰਨ ਲਈ ਹੈ।
ਕੂੜੇ ਦੀ ਬਹੁਤ ਜ਼ਿਆਦਾ ਮਾਤਰਾ ਹੋਣ ਕਰਕੇ ਇਸ ਨੂੰ ਹੱਥੀਂ ਚੁੱਕਣਾ ਸੰਭਵ ਨਹੀਂ ਸੀ, ਜਿਸ ਕਰਕੇ ਜੇਸੀਬੀ ਅਤੇ ਟਰੈਕਟਰ-ਟਰਾਲੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਫ਼ਾਈ ਢਾਂਚੇ ਦੇ ਆਧੁਨਿਕੀਕਰਨ (Mechanisation) ਨਾਲ ਕਿਸੇ ਵੀ ਕਰਮਚਾਰੀ ਦੀ ਛਾਂਟੀ ਨਹੀਂ ਕੀਤੀ ਜਾਵੇਗੀ, ਸਗੋਂ ਮੌਜੂਦਾ ਵਰਕਰਾਂ ਨੂੰ ਹੀ ਨਵੀਂ ਮਸ਼ੀਨਰੀ ਚਲਾਉਣ ਦੀ ਸਿਖਲਾਈ ਦਿੱਤੀ ਜਾਵੇਗੀ।

