ਸਾਲੇ ਨੂੰ ਬਚਾਉਂਦਿਆਂ ਪੰਜਾਬ ਪੁਲੀਸ ਦਾ ਜਵਾਨ ਰੁੜਿਆ
ਲੋਹੰਡ ਖੱਡ ’ਚ ਨਹਾਉਣ ਵੇਲੇ ਹਾਦਸਾ ਵਾਪਰਿਆ; ਪੁਲੀਸ ਵੱਲੋਂ ਭਾਲ ਜਾਰੀ
ਕੀਰਤਪੁਰ ਸਾਹਿਬ ਦੀ ਲੋਹੰਡ ਖੱਡ ਵਿੱਚ ਨਹਾਉਂਦੇ ਸਮੇਂ ਪੰਜਾਬ ਪੁਲੀਸ ਦਾ ਜਵਾਨ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਇਸੇ ਥਾਂ ਫਰੀਦਾਬਾਦ ਦੇ ਇੱਕ ਨੌਜਵਾਨ ਦੇ ਪਾਣੀ ਵਿੱਚ ਰੁੜ ਜਾਣ ਦੀ ਘਟਨਾ ਵਾਪਰੀ ਸੀ। ਜਾਣਕਾਰੀ ਅਨੁਸਾਰ ਲੁਧਿਆਣਾ ਦੇ ਡਿਵੀਜ਼ਨ ਨੰਬਰ-7 ਥਾਣੇ ਵਿੱਚ ਤਾਇਨਾਤ ਪੰਜਾਬ ਪੁਲੀਸ ਦਾ ਜਵਾਨ ਸਲਮਾਨ ਖ਼ਾਨ ਉਰਫ਼ ਲਾਡੀ ਆਪਣੀ ਪਤਨੀ, ਭੈਣ, ਭਾਣਜੀ ਅਤੇ ਸਾਲੇ ਨਾਲ ਮਾਤਾ ਨੈਣਾ ਦੇਵੀ ਅਤੇ ਸ੍ਰੀ ਆਨੰਦਪੁਰ ਸਾਹਿਬ ਨਤਮਸਤਕ ਹੋਣ ਆਇਆ ਸੀ। ਵਾਪਸੀ ਸਮੇਂ ਉਹ ਲੋਹੰਡ ਖੱਡ ਰੁਕੇ ਅਤੇ ਨਹਾਉਣ ਲੱਗ ਪਏ। ਇਸ ਦੌਰਾਨ ਉਸ ਦਾ ਸਾਲਾ ਪੁਨੀਤ ਪਾਣੀ ਵਿੱਚ ਡੁੱਬਣ ਲੱਗਾ, ਜਿਸ ਨੂੰ ਬਚਾਉਣ ਲਈ ਸਲਮਾਨ ਖ਼ਾਨ ਪਾਣੀ ’ਚ ਗਿਆ। ਬਚਾਅ ਦੌਰਾਨ ਪੁਨੀਤ ਤਾਂ ਸੁਰੱਖਿਅਤ ਬਾਹਰ ਨਿਕਲ ਆਇਆ ਪਰ ਸਲਮਾਨ ਖ਼ਾਨ ਖ਼ੁਦ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਿਆ। ਸਲਮਾਨ ਖਾਨ ਦੀ ਭੈਣ ਜਸਪਾਲ ਨੇ ਦੱਸਿਆ ਕਿ ਉਸ ਦੇ ਭਰਾ ਦਾ ਵਿਆਹ 11 ਫਰਵਰੀ ਨੂੰ ਹੋਇਆ ਸੀ ਅਤੇ ਉਹ ਲੁਧਿਆਣਾ ਦੇ ਡਿਵੀਜ਼ਨ ਨੰਬਰ-7 ਥਾਣੇ ਵਿੱਚ ਤਾਇਨਾਤ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਕੀਰਤਪੁਰ ਸਾਹਿਬ ਦੀ ਪੁਲੀਸ ਮੌਕੇ ’ਤੇ ਪਹੁੰਚ ਗਈ ਅਤੇ ਲਾਪਤਾ ਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ। ਥਾਣਾ ਕੀਰਤਪੁਰ ਸਾਹਿਬ ਦੇ ਮੁਖੀ ਰਾਹੁਲ ਕੁਮਾਰ ਨੇ ਦੱਸਿਆ ਕਿ ਲਾਪਤਾ ਜਵਾਨ ਦੀ ਭਾਲ ਕੀਤੀ ਜਾ ਰਹੀ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਦੇ ਤੇਜ਼ ਵਹਾਅ ਵਾਲੀਆਂ ਥਾਵਾਂ ’ਤੇ ਨਹਾਉਣ ਤੋਂ ਗੁਰੇਜ਼ ਕਰਨ।

