punjab news: ਪੰਥਕ ਮਰਿਆਦਾ ’ਚ ਸਰਕਾਰੀ ਦਖ਼ਲ ਬਰਦਾਸ਼ਤ ਨਹੀਂ: ਚੰਦੂਮਾਜਰਾ
ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਸਖ਼ਤ ਸਜ਼ਾਵਾਂ ਦਾ ਸਮਰਥਨ; ਐੱਸ ਜੀ ਪੀ ਸੀ ਤੇ ਅਕਾਲ ਤਖ਼ਤ ਦੇ ਸੁਝਾਅ ਸ਼ਾਮਲ ਕਰਨ ਦੀ ਅਪੀਲ
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ-2026 ਸਬੰਧੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਲਈ ਸਖ਼ਤ ਸਜ਼ਾਵਾਂ ਦੇ ਪ੍ਰਬੰਧ ਦਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਸਵਾਗਤ ਕਰਦਾ ਹੈ, ਪਰ ਕਿਸੇ ਵੀ ਕਾਨੂੰਨ ਦੇ ਨਾਂ ’ਤੇ ਪੰਥਕ ਮਰਿਆਦਾ ਅਤੇ ਧਾਰਮਿਕ ਸੰਸਥਾਵਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਸਰਕਾਰ ਦੀ ਦਖ਼ਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੁਝਾਵਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਨਿਰਦੋਸ਼ ਸਿੱਖ ਜਾਂ ਪਾਠੀ ਸਿੰਘ ਵਿੱਚ ਡਰ ਦਾ ਮਾਹੌਲ ਪੈਦਾ ਨਾ ਹੋਵੇ। ਸ੍ਰੀ ਚੰਦੂਮਾਜਰਾ ਅੱਜ ਇੱਥੇ ਸਮਾਗਮ ’ਚ ਸ਼ਾਮਲ ਹੋਣ ਮਗਰੋਂ ਅਕਾਲੀ ਆਗੂ ਬੇਦੀ ਇੰਦਰਜੀਤ ਸਿੰਘ ਖਾਲਸਾ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਪੰਥਕ ਏਕਤਾ ਦੇ ਮੁੱਦੇ ’ਤੇ ਚੰਦੂਮਾਜਰਾ ਨੇ ਕਿਹਾ ਕਿ ਸਿੱਖ ਲੀਡਰਸ਼ਿਪ ਨੂੰ ਆਪਸੀ ਮਤਭੇਦ ਭੁਲਾ ਕੇ ਇਕੱਠੇ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਥਕ ਧਿਰਾਂ ਇੱਕ ਮੰਚ ’ਤੇ ਨਹੀਂ ਆਉਂਦੀਆਂ ਤਾਂ ਇਸ ਦੇ ਨੁਕਸਾਨਦੇਹ ਨਤੀਜੇ ਸਾਹਮਣੇ ਆ ਸਕਦੇ ਹਨ। ਭਾਜਪਾ ਨਾਲ ਸੰਭਾਵੀ ਗਠਜੋੜ ਬਾਰੇ ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ, ਐੱਮ ਐੱਸ ਪੀ ਦੀ ਕਾਨੂੰਨੀ ਗਾਰੰਟੀ ਅਤੇ ਪੰਜਾਬ ਲਈ ਵਿਸ਼ੇਸ਼ ਆਰਥਿਕ ਪੈਕੇਜ, ਪੰਜਾਬ ਪੰਜਾਬੀਅਤ ਅਤੇ ਪੰਥ ਦੇ ਹੋਰ ਜਰੂਰੀ ਮੁੱਦਿਆਂ ’ਤੇ ਠੋਸ ਫ਼ੈਸਲੇ ਹੋਣ ਤੋਂ ਬਾਅਦ ਹੀ ਕੋਈ ਰਾਜਨੀਤਿਕ ਗੱਲਬਾਤ ਸੰਭਵ ਹੋ ਸਕਦੀ ਹੈ। ਕਾਂਗਰਸ ਨਾਲ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਦੀ ਸੰਭਾਵਨਾ ਨੂੰ ਉਨ੍ਹਾਂ ਰੱਦ ਕਰ ਦਿੱਤਾ।

