Punjab News: ਫਾਸਟ ਫੂਡ ਆਊਟਲੈੱਟ ਵਿੱਚ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਦਾ ਸਮਾਨ ਸੜਿਆ
38 ਤੋਂ 40 ਲੱਖ ਰੁਪਏ ਦਾ ਨੁਕਸਾਨ; ਰਸੋਈ ’ਚ ਕੰਮ ਕਰਦੇ ਕਾਰੀਗਰਾਂ ਅਤੇ ਗਾਹਕਾਂ ਨੇ ਭੱਜ ਕੇ ਬਚਾਈ ਜਾਨ
ਇੱਥੋਂ ਦੇ ਮੇਨ ਬਾਜ਼ਾਰ ਵਿੱਚ ਸਥਿਤ 'ਕਾਫਲਾ ਪੁਆਇੰਟ' ਫਾਸਟ ਫੂਡ ਆਊਟਲੈੱਟ ਵਿੱਚ ਰਾਤ ਕਰੀਬ 9 ਵਜੇ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਅੰਦਰ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਅੱਗ ਐਨੀ ਤੇਜ਼ੀ ਨਾਲ ਫ਼ੈਲੀ ਕਿ ਦੇਖਦਿਆਂ ਹੀ ਦੇਖਦਿਆਂ ਪੂਰੇ ਸ਼ੋਅਰੂਮ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਨਾਲ ਲਗਪਗ 38 ਤੋਂ 40 ਲੱਖ ਰੁਪਏ ਦੇ ਨੁਕਸਾਨ ਦਾ ਅਨੁਮਾਨ ਹੈ। ਹਾਲਾਂਕਿ ਅੰਦਰ ਮੌਜੂਦ ਲੋਕਾਂ ਦੀ ਤੁਰੰਤ ਮੁਸਤੈਦੀ ਕਾਰਨ ਕੋਈ ਜਾਨੀ ਨੁਕਸਾਨ ਹੋਣੋਂ ਬਚ ਗਿਆ।
ਘਟਨਾ ਦੇ ਸਮੇਂ ਆਊਟਲੈੱਟ ਦੇ ਅੰਦਰ ਅੱਧੀ ਦਰਜਨ ਦੇ ਕਰੀਬ ਗਾਹਕ ਖਾਣਾ ਖਾ ਰਹੇ ਸਨ ਅਤੇ ਰਸੋਈ ਵਿੱਚ 3 ਕਾਰੀਗਰ ਕੰਮ ਕਰ ਰਹੇ ਸਨ। ਅੱਗ ਲੱਗਦਿਆਂ ਹੀ ਅੰਦਰ ਭਗਦੜ ਮੱਚ ਗਈ। ਕਾਰੀਗਰਾਂ ਅਤੇ ਗਾਹਕਾਂ ਨੇ ਬਿਨਾਂ ਸਮਾਂ ਗੁਆਏ ਬਾਹਰ ਵੱਲ ਭੱਜ ਕੇ ਆਪਣੀ ਜਾਨ ਬਚਾਈ, ਜਿਸ ਕਾਰਨ ਇੱਕ ਵੱਡਾ ਹਾਦਸਾ ਟਲ ਗਿਆ।
ਸੂਚਨਾ ਮਿਲਦਿਆਂ ਹੀ ਸਬ ਇੰਸਪੈਕਟਰ ਸੋਹਣ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਭੀੜ ਨੂੰ ਕੰਟਰੋਲ ਕਰਦਿਆਂ ਸਥਾਨਕ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਅੱਗ ਦੀ ਭਿਆਨਕਤਾ ਨੂੰ ਦੇਖਦੇ ਹੋਏ ਇੱਥੋਂ ਦੇ ਅਤੇ ਮੋਰਿੰਡਾ ਤੋਂ ਵੀ ਫਾਇਰ ਬ੍ਰਿਗੇਡ ਦੀ ਗੱਡੀ ਮੰਗਵਾਈ ਗਈ। ਫਾਇਰ ਸਟੇਸ਼ਨ ਦੇ ਫਾਇਰਮੈਨ ਵਰਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਡਰਾਈਵਰ ਜਸਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਰਾਤ ਕਰੀਬ 10 ਵਜੇ ਮੌਕੇ ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਸਥਾਨਕ ਲੋਕਾਂ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਕਰੀਬ ਡੇਢ ਘੰਟੇ 'ਚ ਅੱਗ 'ਤੇ ਕਾਬੂ ਪਾਇਆ।
ਕਾਫਲਾ ਪੁਆਇੰਟ ਦੇ ਮਾਲਕ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਇੱਥੇ ਫਾਸਟ ਫੂਡ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਕੋਲ ਦਰਜਨ ਦੇ ਕਰੀਬ ਕਾਰੀਗਰ ਕੰਮ ਕਰਦੇ ਹਨ। ਰਾਤੀਂ ਕਰੀਬ 9 ਵਜੇ ਮੌਜੂਦ 6 ਗਾਹਕਾਂ ਨੇ ਟਿੱਕੀ ਆਦਿ ਦਾ ਆਰਡਰ ਦਿੱਤਾ ਸੀ। ਰਸੋਈ 'ਚ ਜਦੋਂ ਕਾਰੀਗਰ ਟਿੱਕੀ ਬਣਾ ਰਹੇ ਸਨ ਤਾਂ ਫਰਾਈ ਤੇਲ ਤੋਂ ਅਚਾਨਕ ਅੱਗ ਭੜਕ ਗਈ, ਜਿਸ ਨੇ ਰਸੋਈ 'ਚ ਪਏ ਤੇਲ ਅਤੇ ਓਵਨ ਨੂੰ ਆਪਣੀ ਲਪੇਟ 'ਚ ਲੈ ਲਿਆ। ਇਸੇ ਦੌਰਾਨ ਰਸੋਈ 'ਚ ਪਿਆ ਗੈਸ ਸਿਲੰਡਰ ਵੀ ਫਟ ਗਿਆ, ਜਿਸ ਨਾਲ ਅੱਗ ਨੇ ਹੋਰ ਵੀ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਥੋੜੇ ਸਮੇ ਵਿੱਚ ਹੀ ਸ਼ਹਿਰ ਦੇ ਮਸ਼ਹੂਰ ਆਊਟਲੈੱਟ ਨੂੰ ਪੂਰੀ ਤਰ੍ਹਾਂ ਸੁਆਹ ਹੋ ਗਿਆ।
ਪਰਮਜੀਤ ਸਿੰਘ ਅਨੁਸਾਰ ਇਸ ਅੱਗ ਦੀ ਲਪੇਟ 'ਚ ਆਉਣ ਨਾਲ ਇੱਥੇ ’ਚ ਲੱਗੇ 3 ਵੱਡੇ ਏ.ਸੀ. 3 ਵੱਡੇ ਫਰਿੱਜ, ਕੰਪਿਊਟਰ ਸਿਸਟਮ, ਸਾਰਾ ਫਰਨੀਚਰ ਅਤੇ ਇੰਟੀਰੀਅਰ ਡੈਕੋਰੇਸ਼ਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਨਾਲ ਉਨ੍ਹਾਂ ਦਾ ਲਗਪਗ 38-40 ਲੱਖ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ। ਅੱਗ ਲੱਗਣ ਦੀ ਖ਼ਬਰ ਪੂਰੇ ਸ਼ਹਿਰ ਵਿੱਚ ਫ਼ੈਲ ਗਈ ਅਤੇ ਵੱਡੀ ਗਿਣਤੀ ਵਿੱਚ ਸਥਾਨਕ ਨੌਜਵਾਨ ਮੌਕੇ 'ਤੇ ਪਹੁੰਚ ਕੇ ਮੱਦਦ 'ਚ ਜੁਟ ਗਏ।
ਸਬ ਇੰਸਪੈਕਟਰ ਸੋਹਣ ਸਿੰਘ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀ ਤੁਰੰਤ ਕਾਰਵਾਈ ਅਤੇ ਸਥਾਨਕ ਲੋਕਾਂ ਵੱਲੋਂ ਦਿੱਤੇ ਸਹਿਯੋਗ ਨਾਲ ਅੱਗ ਦੇ ਲਪੇਟ ਵਿੱਚ ਆਏ ਕਾਫਲਾ ਪੁਆਇੰਟ ਦੇ ਨਾਲ ਲੱਗਦੀਆਂ ਹੋਰ ਦੁਕਾਨਾਂ ਅੱਗ ਦੀ ਲਪੇਟ 'ਚ ਆਉਣ ਤੋਂ ਬਚ ਗਈਆਂ।

