Punjab Free Bags: ਪੰਜਾਬ ਦੇ ਸਰਕਾਰੀ ਸਕੂਲਾਂ ਦੇ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਮਿਲਣਗੇ ਮੁਫ਼ਤ ਬਸਤੇ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਖੇਤਰੀ ਦਫ਼ਤਰਾਂ ਅਤੇ ਸਿੱਖਿਆ ਬਲਾਕਾਂ ਨੂੰ ਭੇਜੇ ਬਸਤੇ
Punjab School Bags: ਪੰਜਾਬ ਦੇ ਸਰਕਾਰੀ ਸਕੂਲਾਂ ਦੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਨਵੇਂ ਸ਼ੁਰੂ ਹੋਏ 2026-27 ਦੇ ਵਿੱਦਿਅਕ ਸੈਸ਼ਨ ਲਈ ਮੁਫ਼ਤ ਸਕੂਲੀ ਬਸਤੇ ਮਿਲਣਗੇ।
ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੈਸ਼ਨ 2026-27 ਲਈ ਸਾਰੇ ਸਕੂਲ ਬੈਗ ਤਿਆਰ ਕਰਵਾ ਕੇ ਜ਼ਿਲ੍ਹਾ ਪੱਧਰ 'ਤੇ ਸਥਿਤ ਆਪਣੇ ਖੇਤਰੀ ਦਫ਼ਤਰਾਂ ਅਤੇ ਸਿੱਖਿਆ ਬਲਾਕਾਂ ਵਿੱਚ ਭੇਜ ਦਿੱਤੇ ਹਨ। ਬੈਗਾਂ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣ ਲਈ ਬੋਰਡ ਨੇ ਸਕੂਲ ਸਿੱਖਿਆ (ਸੈਕੰਡਰੀ) ਦੇ ਡਾਇਰੈਕਟਰ ਨੂੰ ਪੱਤਰ ਲਿਖ ਕੇ ਵੰਡ ਦੀ ਪ੍ਰਕਿਰਿਆ ਜਲਦੀ ਮੁਕੰਮਲ ਕਰਵਾਉਣ ਲਈ ਆਖਿਆ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 17 ਜੁਲਾਈ ਨੂੰ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 11ਵੀਂ ਅਤੇ 12ਵੀਂ ਜਮਾਤ ਦੇ ਸਮੂਹ ਵਿਦਿਆਰਥੀਆਂ ਲਈ ਸਕੂਲ ਬੈਗ ਤਿਆਰ ਕਰਵਾਏ ਗਏ ਹਨ। ਇਹ ਬੈਗ ਬੋਰਡ ਦੇ ਜ਼ਿਲ੍ਹਾ ਪੱਧਰ 'ਤੇ ਸਥਿਤ ਖੇਤਰੀ ਦਫ਼ਤਰਾਂ ਰਾਹੀਂ ਸਬੰਧਤ ਸਿੱਖਿਆ ਬਲਾਕਾਂ ਵਿੱਚ ਪਹੁੰਚਾਏ ਜਾ ਚੁੱਕੇ ਹਨ।
ਬੋਰਡ ਨੇ ਡਾਇਰੈਕਟਰ ਸਕੂਲ ਸਿੱਖਿਆ ਨੂੰ ਲਿਖਿਆ ਹੈ ਕਿ ਉਹ ਆਪਣੇ ਅਧੀਨ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ) ਨੂੰ ਲੋੜੀਂਦੇ ਨਿਰਦੇਸ਼ ਜਾਰੀ ਕਰਨ ਤਾਂ ਕਿ ਸਕੂਲ ਮੁਖੀਆਂ ਨੂੰ ਬੋਰਡ ਦੇ ਖੇਤਰੀ ਦਫ਼ਤਰਾਂ ਤੋਂ ਬੈਗ ਜਲਦੀ ਪ੍ਰਾਪਤ ਕਰਨ ਅਤੇ ਸਰਕਾਰੀ ਸਕੂਲਾਂ ਵਿੱਚ ਸਮੇਂ ਸਿਰ ਵੰਡ ਨੂੰ ਯਕੀਨੀ ਬਣਾਇਆ ਜਾਵੇ। ਪੱਤਰ ਵਿੱਚ ਜ਼ੋਰ ਦਿੱਤਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਇਹ ਸਹੂਲਤ ਬਿਨਾਂ ਕਿਸੇ ਦੇਰੀ ਦੇ ਮਿਲਣੀ ਚਾਹੀਦੀ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਵਾਰ ਮੁਫ਼ਤ ਕਿਤਾਬਾਂ ਦੇ ਨਾਲ-ਨਾਲ ਸਕੂਲ ਬੈਗ ਵੀ ਮੁਹੱਈਆ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਬੋਰਡ ਨੇ ਨਿਰਧਾਰਿਤ ਸਮੇਂ ਅੰਦਰ ਸਾਰੇ ਸਕੂਲ ਬੈਗ ਤਿਆਰ ਕਰਵਾ ਕੇ ਆਪਣੇ ਖੇਤਰੀ ਦਫ਼ਤਰਾਂ ਵਿੱਚ ਭੇਜ ਦਿੱਤੇ ਹਨ ਅਤੇ ਇਸ ਸਬੰਧੀ ਸਾਰੀ ਜਾਣਕਾਰੀ ਸਕੂਲ ਸਿੱਖਿਆ ਵਿਭਾਗ ਨੂੰ ਵੀ ਭੇਜ ਦਿੱਤੀ ਗਈ ਹੈ।

