Punjab Farmers: ਖੇਤਾਂ ਲਈ ਪੂਰੀ ਬਿਜਲੀ ਸਪਲਾਈ ਨਾ ਮਿਲਣ ਤੋਂ ਭੜਕੇ ਕਿਸਾਨ
ਖੇਤੀਬਾੜੀ ਲਈ ਪਾਵਰ ਸਪਲਾਈ ਨਾ ਮਿਲਣ ਦੇ ਰੋਸ ਵਿੱਚ ਅੱਜ ਕਿਸਾਨਾਂ ਨੇ ਪਾਵਰਕੌਮ ਦੇ ਬਨੂੜ ਉਪਮੰਡਲ ਦੇ ਬਾਹਰ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇ 24 ਘੰਟਿਆਂ ਵਿੱਚ ਅੱਠ ਘੰਟੇ ਬਿਜਲੀ ਸਪਲਾਈ ਬਹਾਲ ਨਾ ਹੋਈ ਤਾਂ 4 ਸਤੰਬਰ ਨੂੰ...
ਖੇਤੀਬਾੜੀ ਲਈ ਪਾਵਰ ਸਪਲਾਈ ਨਾ ਮਿਲਣ ਦੇ ਰੋਸ ਵਿੱਚ ਅੱਜ ਕਿਸਾਨਾਂ ਨੇ ਪਾਵਰਕੌਮ ਦੇ ਬਨੂੜ ਉਪਮੰਡਲ ਦੇ ਬਾਹਰ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇ 24 ਘੰਟਿਆਂ ਵਿੱਚ ਅੱਠ ਘੰਟੇ ਬਿਜਲੀ ਸਪਲਾਈ ਬਹਾਲ ਨਾ ਹੋਈ ਤਾਂ 4 ਸਤੰਬਰ ਨੂੰ ਸਮੁੱਚੇ ਇਲਾਕੇ ਦੇ ਕਿਸਾਨ ਬਨੂੜ ਬੈਰੀਅਰ ਉੱਤੇ ਜਾਮ ਲਾਉਣਗੇ।
ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਜੱਗੀ ਕਰਾਲਾ, ਜਸਵੀਰ ਸਿੰਘ ਖਲੌਰ, ਲਾਭ ਸਿੰਘ, ਗੁਰਜੋਤ ਸਿੰਘ, ਜੋਗਿੰਦਰ ਸਿੰਘ, ਨਿਰਮੈਲ ਸਿੰਘ, ਗੁਰਬਚਨ ਸਿੰਘ ਪ੍ਰੇਮਗੜ੍ਹ, ਸੁਰਿੰਦਰ ਸਿੰਘ ਛਿੰਦਾ ਬਨੂੜ, ਗੁਰਪ੍ਰੀਤ ਸਿੰਘ ਸੇਖਨਮਾਜਰਾ ਨੇ ਕਿਹਾ ਕਿ ਝੋਨੇ ਦੀ ਫ਼ਸਲ ਨਿੱਸਰ ਰਹੀ ਹੈ। ਇਸ ਸਮੇਂ ਫ਼ਸਲ ਨੂੰ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈ। ਪਿਛਲੇ ਕਈ ਦਿਨਾਂ ਤੋਂ ਖੇਤੀਬਾੜੀ ਲਈ ਤਿੰਨ-ਚਾਰ ਘੰਟੇ ਪਾਵਰ ਸਪਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਝੋਨੇ ਨੂੰ ਸੋਕੇ ਤੋਂ ਬਚਾਉਣ ਲਈ ਕਿਸਾਨਾਂ ਨੂੰ ਡੀਜ਼ਲ ਫੂਕ ਕੇ ਪਾਣੀ ਪੂਰਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿੱਸਰ ਰਹੇ ਝੋਨੇ ਨੂੰ ਪੂਰਾ ਪਾਣੀ ਨਾ ਮਿਲਣ ਨਾਲ ਝੋਨੇ ਦਾ ਝਾੜ ਵੀ ਘਟੇਗਾ। ਉਨ੍ਹਾਂ ਕਿਹਾ ਕਿ ਪਾਣੀ ਨਾ ਮਿਲਣ ਕਾਰਨ ਝੋਨੇ ਵਿਚ ਚੂਹਿਆਂ ਦੀ ਵੀ ਭਰਮਾਰ ਹੋ ਰਹੀ ਹੈ ਜੋ ਫ਼ਸਲ ਦਾ ਨੁਕਸਾਨ ਕਰ ਰਹੇ ਹਨ। ਕਿਸਾਨਾਂ ਨੇ ਮੰਗ ਕੀਤੀ ਕਿ ਬਿਜਲੀ ਦੀ ਅੱਠ ਘੰਟੇ ਨਿਯਮਿਤ ਸਪਲਾਈ ਦਿੱਤੀ ਜਾਵੇ।
ਇਸੇ ਤਰ੍ਹਾਂ ਪਿੰਡ ਸੂਰਜਗੜ੍ਹ ਦੇ ਅਮਰੀਕ ਸਿੰਘ ਨੇ ਘਰੇਲੂ ਬਿਜਲੀ ਸਪਲਾਈ ਵਿੱਚ ਰੋਜ਼ਾਨਾ ਲੱਗ ਰਹੇ ਲੰਮੇ ਲੰਮੇ ਕੱਟ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਹੈ।
ਬਿਜਲੀ ਸਪਲਾਈ ਜਲਦੀ ਨਿਯਮਤ ਹੋ ਜਾਵੇਗੀ: ਐੱਸ ਡੀ ਓ
ਪਾਵਰਕੌਮ ਦੇ ਬਨੂੜ ਸਥਿਤ ਐੱਸ ਡੀ ਓ ਮੇਜਰ ਸਿੰਘ ਨੇ ਦੱਸਿਆ ਕਿ ਬਿਜਲੀ ਦੀ ਮੰਗ ਵਧਣ ਕਾਰਨ ਅਤੇ ਸੂਬੇ ਵਿੱਚ ਮੀਂਹ ਘੱਟ ਪੈਣ ਕਾਰਨ ਆਰਜ਼ੀ ਤੌਰ ’ਤੇ ਸਮੱਸਿਆ ਆਈ ਸੀ। ਬਨੂੜ ਖੇਤਰ ਦੀ ਲੋੜ ਨੂੰ ਮੁੱਖ ਰੱਖਦਿਆਂ ਉੱਚ ਅਧਿਕਾਰੀਆਂ ਨੂੰ ਵਾਧੂ ਬਿਜਲੀ ਛੱਡਣ ਲਈ ਕੇਸ ਬਣਾ ਕੇ ਭੇਜਿਆ ਗਿਆ ਹੈ ਅਤੇ ਅਗਲੇ ਇੱਕ ਦੋ ਦਿਨ ਵਿੱਚ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਯਕੀਨੀ ਬਣਾ ਦਿੱਤੀ ਜਾਵੇਗੀ।

