Punjab ED Raids: ਸਨਅਤੀ ਪਲਾਟ ਧੋਖਾਧੜੀ ਮਾਮਲੇ ’ਚ ਈ ਡੀ ਵੱਲੋਂ ਪੰਜਾਬ ਦੇ ਸਾਬਕਾ ਉੱਚ ਅਫ਼ਸਰਾਂ ’ਤੇ ਛਾਪੇ
ਮਾਮਲਾ ਪਲਾਟਾਂ ਦੀ ਅਲਾਟਮੈਂਟ ’ਚ ਗੜਬੜੀ ਦਾ
Advertisement
Punjab ED Raids: ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਰਮਿਆਨ ਪੰਜਾਬ ਦੇ ਵੱਡੇ ਸ਼ਹਿਰਾਂ ’ਚ ਸਨਅਤੀ ਪਲਾਟਾਂ ਦੀ ਅਲਾਟਮੈਂਟ ਦੇ ਮਾਮਲੇ ’ਚ ਸਾਬਕਾ ਸੀਨੀਅਰ ਅਫ਼ਸਰਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਹੈ। ਈ ਡੀ ਦੀ ਟੀਮ ਨੇ ਕੁੱਝ ਦਿਨਾਂ ਦੀ ਖ਼ਾਮੋਸ਼ੀ ਮਗਰੋਂ ਅੱਜ ਪੰਜਾਬ ਸਮਾਲ ਸਕੇਲ ਇੰਡਸਟਰੀਅਲ ਐਂਡ ਐਕਸਪੋਰਟ ਕਾਰਪੋਰੇਸ਼ਨ ਦੇ ਇੱਕ ਸਾਬਕਾ ਚੀਫ਼ ਜਨਰਲ ਮੈਨੇਜਰ, ਇੱਕ ਕਾਰਜਕਾਰੀ ਨਿਰਦੇਸ਼ਕ ਤੇ ਇੱਕ ਸਾਬਕਾ ਜਨਰਲ ਮੈਨੇਜਰ ਦੇ ਘਰਾਂ ’ਤੇ ਛਾਪੇ ਮਾਰੇ ਹਨ। ਈ ਡੀ ਟੀਮ ਨੇ ਕਾਰਪੋਰੇਸ਼ਨ ਦੇ ਮੁੱਖ ਦਫ਼ਤਰ ਤੋਂ ਰਿਕਾਰਡ ਵੀ ਤਲਬ ਕੀਤਾ ਹੈ।
ਅਹਿਮ ਸੂਤਰਾਂ ਅਨੁਸਾਰ ਸੰਘੀ ਏਜੰਸੀ ਵੱਲੋਂ 2012 ਤੋਂ ਮੁਹਾਲੀ ਅਤੇ ਅੰਮ੍ਰਿਤਸਰ ਵਿੱਚ ਘੱਟੋ-ਘੱਟ 20 ਉਦਯੋਗਿਕ ਪਲਾਟਾਂ ਦੀ ਕਥਿਤ ਧੋਖਾਧੜੀ ਵਾਲੀ ਅਲਾਟਮੈਂਟ ਦੀ ਜਾਂਚ ਕੀਤੀ ਜਾ ਰਹੀ ਹੈ। ਲੰਘੇ ਵਰ੍ਹੇ ਈ ਡੀ ਨੇ ਉਦਯੋਗ ਤੇ ਵਣਜ ਵਿਭਾਗ ਦੇ ਤਤਕਾਲੀ ਪ੍ਰਮੁੱਖ ਸਕੱਤਰ ਅਤੇ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਤੋਂ ਪੱਤਰ ਭੇਜ ਕੇ 2012 ਤੋਂ ਅਲਾਟ ਕੀਤੇ ਗਏ ਉਦਯੋਗਿਕ ਪਲਾਟਾਂ ਦੇ ਵੇਰਵੇ, ਕਾਰਪੋਰੇਸ਼ਨ ਜਾਂ ਕਿਸੇ ਹੋਰ ਜਾਂਚ ਏਜੰਸੀ ਦੁਆਰਾ ਕੀਤੀ ਗਈ ਜਾਂਚ ਦੇ ਵੇਰਵੇ ਅਤੇ ਇਸ ਮਾਮਲੇ ਵਿੱਚ ਦਰਜ ਕੀਤੀ ਗਈ ਕਿਸੇ ਵੀ ਐੱਫ਼ ਆਈ ਆਰ ਬਾਰੇ ਜਾਣਕਾਰੀ ਮੰਗੀ ਸੀ।
ਸੂਬਾ ਸਰਕਾਰ ਨੇ ਪੰਜਾਬ ਵਿਜੀਲੈਂਸ ਵੱਲੋਂ ਕੀਤੀ ਜਾ ਰਿਹਾ ਜਾਂਚ ਦਾ ਹਵਾਲਾ ਦਿੰਦੇ ਹੋਏ ਇਸ ਨਾਲ ਸਬੰਧਿਤ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਬਾਅਦ ’ਚ ਮਾਮਲੇ ਦੀ ਸੰਵੇਦਨਸ਼ੀਲਤਾ ਅਤੇ ਕੇਂਦਰੀ ਏਜੰਸੀ ਹੋਣ ਦੇ ਮੱਦੇਨਜ਼ਰ, ਉਦਯੋਗ ਅਤੇ ਵਣਜ ਵਿਭਾਗ ਨੇ ਲੋੜੀਂਦੇ ਹੁਕਮਾਂ ਲਈ ਇਹ ਮਾਮਲਾ ਮੁੱਖ ਸਕੱਤਰ ਕੋਲ ਭੇਜ ਦਿੱਤਾ ਸੀ। ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੀ ਐੱਫ਼ ਆਈ ਆਰ ਦੇ ਅਧਾਰ ’ਤੇ ਹੀ ਹੁਣ ਈ ਡੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਹ ਇਲਜ਼ਾਮ ਸਨ ਕਿ ਕਾਰਪੋਰੇਸ਼ਨ ਦੇ ਉੱਚ ਅਫ਼ਸਰਾਂ ਨੂੰ ਫ਼ਾਇਦਾ ਦੇਣ ਲਈ ਪਲਾਟਾਂ ਦੀ ਅਲਾਟਮੈਂਟ ਕੀਤੀ ਗਈ ਸੀ।
ਚਰਚੇ ਹਨ ਕਿ ਪੰਜਾਬ ਵਿਧਾਨ ਸਭਾ ਚੋਣਾਂ ਨਜ਼ਦੀਕ ਹਨ ਅਤੇ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਸਰਕਾਰ ’ਤੇ ਹੱਲੇ ਵਧਾਏ ਹੋਏ ਹਨ ਜਿਸ ਕਰਕੇ ਸੰਘੀ ਏਜੰਸੀਆਂ ਦੀ ਸਰਗਰਮੀ ਆਉਂਦੇ ਦਿਨਾਂ ’ਚ ਹੋਰ ਵੀ ਤੇਜ਼ ਹੋ ਸਕਦੀ ਹੈ।
Advertisement
×

