Punjab DA Arrears: ਪੰਜਾਬ ਸਰਕਾਰ ਨੇ ਡੀ ਏ ਦਾ ਨਵਾਂ ਪ੍ਰਸਤਾਵ ਦੇ ਕੇ ਵੰਡੀਆਂ ਪਾਈਆਂ: ਮੁਲਾਜ਼ਮ ਮੋਰਚਾ
‘ਪੰਜਾਬ ਸਕੇਲ, ਪੁਰਾਣੀ ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚੇ’ ਵੱਲੋਂ ਬਰਾਬਰ ਡੀ ਏ, ਸਕੇਲ ਅਤੇ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਮੰਗ
Punjab DA Arrears: ਪੰਜਾਬ ਸਕੇਲ, ਪੁਰਾਣੀ ਪੈਨਸ਼ਨ ਅਤੇ ਭੱਤਿਆਂ ਦੀ ਬਹਾਲੀ ਲਈ ਸੰਘਰਸ਼ ਕਰ ਰਹੇ ਮੋਰਚੇ ਨੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਪ੍ਰਮੁੱਖ ਮੰਗਾਂ ਹੱਲ ਕਰਨ ਦੀ ਥਾਂ ਮਹਿੰਗਾਈ ਭੱਤੇ (ਡੀ ਏ) ਦੇ ਦਿੱਤੇ ਨਵੇਂ ਪ੍ਰਸਤਾਵ ਨੂੰ ਨਵੇਂ ਅਤੇ ਪੁਰਾਣੇ ਮੁਲਾਜ਼ਮਾਂ ਵਿੱਚ ਵੰਡੀਆਂ ਪਾਉਣ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਅੱਜ ਇੱਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾਈ ਆਗੂਆਂ ਗੁਰਦੀਪ ਸਿੰਘ ਬਾਸੀ, ਵਿਕਰਮ ਦੇਵ ਸਿੰਘ, ਸ਼ਲਿੰਦਰ ਕੰਬੋਜ, ਸੰਦੀਪ ਸਿੰਘ ਗਿੱਲ, ਸੁਰਿੰਦਰ ਪਾਲ ਸਿੰਘ, ਮਨਪ੍ਰੀਤ ਸਿੰਘ, ਰਮਨਦੀਪ ਸਿੰਗਲਾ, ਬਲਿਹਾਰ ਬੱਲੀ, ਕੁਲਦੀਪ ਰੂਪਨਗਰ ਮਹਿੰਦਰ ਕੌੜਿਆਂਵਾਲੀ, ਸੁਮਿਤ ਕੰਬੋਜ ਅਤੇ ਲਖਵੀਰ ਠੁੱਲੀਵਾਲ ਨੇ ਸੂਬਾ ਸਰਕਾਰ ਵੱਲੋਂ ਮੁਲਾਜ਼ਮਾਂ ’ਤੇ ਵੱਧ ਤਨਖਾਹਾਂ ਲੈਣ ਦੇ ਲਗਾਏ ਜਾ ਰਹੇ ਝੂਠੇ ਅਤੇ ਮਨਘੜਤ ਤੱਥਾਂ ’ਤੇ ਅਧਾਰਿਤ ਦੋਸ਼ਾਂ ਨੂੰ ਵੱਖ-ਵੱਖ ਕਾਡਰਾਂ ਦੀ ਤਨਖਾਹ ਡਿਟੇਲ ਨੂੰ ਅੰਕੜਿਆਂ ਦੇ ਰੂਪ ਵਿੱਚ ਸਾਂਝੀ ਕਰਦੇ ਹੋਏ ਮੁੱਢੋਂ ਰੱਦ ਕੀਤਾ। ਉਨ੍ਹਾਂ ਪੰਜਾਬ ਦੇ ਛੇ ਤਨਖਾਹ ਕਮਿਸ਼ਨਾਂ ਵੱਲੋਂ ਦੇਸ਼ ਦੇ ਫੈਡਰਲ ਢਾਂਚੇ ਅਤੇ ਸੂਬੇ ਦੀ ਵਿਲੱਖਣ ਸਥਿਤੀ ਅਨੁਸਾਰ ਪਿਛਲੇ 60 ਸਾਲਾਂ ਦਰਮਿਆਨ ਸੰਵਿਧਾਨਿਕ ਤਰੀਕੇ ਨਾਲ ਮਿਲੇ ਤਨਖਾਹ ਸਕੇਲਾਂ ਉੱਪਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਵਾਲ ਚੁੱਕਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ।
ਆਗੂਆਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਪੰਜਾਬ ਦੇ ਨਵੇਂ ਮੁਲਾਜ਼ਮਾਂ ਨੂੰ 17 ਜੁਲਾਈ 2020 ਦੇ ਨੋਟੀਫਿਕੇਸ਼ਨ ਰਾਹੀਂ ਮਿਲਦੇ ਨਿਗੂਣੇ ਤਨਖਾਹ ਸਕੇਲਾਂ ਦਾ ਫੈਸਲਾ ਰੱਦ ਕਰਵਾ ਕੇ ਪੰਜਾਬ ਤਨਖਾਹ ਸਕੇਲਾਂ ਦੀ ਬਹਾਲੀ ਹੋਣ, ਪੁਰਾਣੀ ਪੈਨਸ਼ਨ ਲਾਗੂ ਕਰਵਾਉਣ, 18 ਪ੍ਰਤੀਸ਼ਤ ਪੈਂਡਿੰਗ ਡੀ ਏ ਜਾਰੀ ਕਰਵਾਉਣ, ਮੁਲਾਜ਼ਮਾਂ ਦੇ ਕੱਟੇ ਗਏ ਸਾਰੇ ਭੱਤੇ ਜਾਰੀ ਕਰਵਾਉਣ, 15 ਜਨਵਰੀ 2015 ਦਾ ਨੋਟੀਫਿਕੇਸ਼ਨ ਰੱਦ ਕਰਵਾਉਣ ਅਤੇ ਕੱਚੇ ਮੁਲਾਜ਼ਮਾਂ ਦੇ ਰੈਗੂਲਰ ਹੋਣ ਤੱਕ ਸਰਕਾਰ ਖ਼ਿਲਾਫ਼ ਲਗਾਤਾਰ ਸੰਘਰਸ਼ ਜਾਰੀ ਰਹੇਗਾ।
ਆਗੂਆਂ ਨੇ ਕਿਹਾ ਕਿ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਅਤੇ ਬਾਕੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਦੂਜੇ ਪਾਸੇ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਆਮ ਆਦਮੀ ਪਾਰਟੀ ਵੱਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਬਾਰੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ।
ਇਸ ਮੌਕੇ ਆਗੂਆਂ ਨੇ ਅੰਕੜੇ ਸਾਂਝੇ ਕਰਦੇ ਹੋਏ ਸਰਕਾਰ ਦੇ ਦਾਅਵਿਆਂ ਨੂੰ ਭੰਡਿਆ ਅਤੇ ਮੰਗ ਕੀਤੀ ਕਿ 17 ਜੁਲਾਈ 2020 ਦਾ ਨੋਟੀਫ਼ਿਕੇਸ਼ਨ ਰੱਦ ਕਰ ਕੇ ਤੁਰੰਤ ਪੰਜਾਬ ਤਨਖਾਹ ਸਕੇਲ ਲਾਗੂ ਕੀਤਾ ਜਾਵੇ ਨਾ ਕਿ ਮੁਲਾਜ਼ਮਾਂ ਨੂੰ ਆਪਸ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਜਾਵੇ।
ਪੰਜਾਬ ਸਕੇਲ, ਪੁਰਾਣੀ ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚੇ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਸਾਂਝੀ ਤਾਲਮੇਲ ਕਮੇਟੀ ਦੇ ਸਾਰੇ ਸੰਘਰਸ਼ੀ ਸੱਦਿਆਂ ਦੀ ਡੱਟਵੀਂ ਹਮਾਇਤ ਕਰਦੇ ਹੋਏ, ਪਹਿਲਾਂ ਦੀ ਤਰ੍ਹਾਂ ਇਨ੍ਹਾਂ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦਾ ਐਲਾਨ ਵੀ ਕੀਤਾ ਹੈ।

