Punjab DA Arrears: ਮੁੱਖ ਮੰਤਰੀ ਮਾਨ ਮੁਲਾਜ਼ਮਾਂ ਨਾਲ ਗੱਲਬਾਤ ਲਈ ਤਿਆਰ: ਪੰਨੂ
Punjab News: 'ਆਪ' ਜਨਰਲ ਸਕੱਤਰ ਬਲਤੇਜ ਪੰਨੂ ਨੇ ਕੀਤਾ ਦਾਅਵਾ
Punjab DA Arrears: ਮੁੱਖ ਮੰਤਰੀ ਭਗਵੰਤ ਮਾਨ ਡੀ ਏ ਦੇ ਮਾਮਲੇ ’ਚ ਸੂਬੇੇ ਦੀਆਂ ਸੰਘਰਸ਼ੀ ਮੁਲਾਜ਼ਮ ਜਥੇਬੰਦੀਆਂ ਨਾਲ ਮਿਲਣ ਅਤੇ ਗੱਲਬਾਤ ਲਈ ਤਿਆਰ ਹਨ, ਜਦੋਂ ਵੀ ਮੁਲਾਜ਼ਮ ਚਾਹੁਣਗੇ, ਉਦੋਂ ਦੋਵੇਂ ਧਿਰਾਂ ਵਿਚਾਲੇ ਮੀਟਿੰਗ ਹੋ ਸਕਦੀ ਹੈ| ਇਹ ਅਹਿਮ ਦਾਅਵਾ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕੀਤਾ, ਜੋ ਇੱਥੇ ਮੰਦਰ ਸ੍ਰੀ ਕਾਲੀ ਦੇਵੀ ਵਿਖੇ ਚੱਲ ਰਹੇ ਨਿਰਮਾਣ ਕਾਰਜਾਂ ਦੇ ਨਿਰੀਖਣ ਦੌਰੇ ’ਤੇ ਆਏ ਸਨ|
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਦੇ ਸਾਰੇ ਬਕਾਏ ਮਹਿੰਗਾਈ ਭੱਤੇ ਤੇ ਮਹਿੰਗਾਈ ਰਾਹਤ ਬਾਰੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 3 ਅਗਸਤ ਦੇ ਫ਼ੈਸਲੇ ਵਿਰੁੱਧ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੈ| ਇਸ ਭਖਦੇ ਮੁੱਦੇ ’ਤੇ 27 ਅਗਸਤ ਨੂੰ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਜ਼ਰੀਏ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕੀਤਾ ਗਿਆ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਸ ਦਿਨ ਮੁਲਾਜ਼ਮ ਆਗੂਆਂ ਦੀ ਤੈਅ ਬੈਠਕ ਵੀ ਐਨ ਮੌਕੇ ’ਤੇ ਮੁਲਤਵੀ ਹੋ ਗਈ ਸੀ| ਪੰਜਾਬ ਸਰਕਾਰ ਦੇ ਸੁਪਰੀਮ ਕੋਰਟ ਪਹੁੰਚਣ ’ਤੇ ਮੰਨਿਆ ਜਾ ਰਿਹਾ ਸੀ ਕਿ ਸੂਬਾ ਸਰਕਾਰ ਅਤੇ ਸੰਘਰਸ਼ੀ ਮੁਲਾਜ਼ਮ ਧਿਰਾਂ ਦਰਮਿਆਨ ਟਕਰਾਅ ਅਤੇ ਖੜੋਤ ਵਰਗੇ ਹਾਲਾਤ ਬਣ ਚੁੱਕੇ ਹਨ ਪਰ ਅੱਜ ਬਲਤੇਜ ਸਿੰਘ ਪੰਨੂ ਦੇ ਬਿਆਨ ਨਾਲ ਕੋਈ ਹੱਲ ਨਿਕਲਣ ਦੀ ਸੰਭਾਵਨਾ ਬਣ ਗਈ ਹੈ।
ਪੰਨੂ ਭਾਵੇਂ ਸਿਆਸੀ ਲਿਹਾਜ਼ ਨਾਲ ਆਪ ਦੇ ਸੂਬਾ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਹਨ ਪਰ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਨੇੜਲੇ ਸਾਥੀਆਂ ’ਚ ਗਿਣਿਆ ਜਾਂਦਾ ਹੈ ਅਤੇ ਉਹ ਪ੍ਰਸ਼ਾਸਕੀ ਕੰਮਾਂ ’ਚ ਵੀ ਅਹਿਮ ਧਿਰ ਵਜੋਂ ਜਾਣੇ ਜਾਂਦੇ ਹਨ। ਮੀਡੀਆ ਵੱਲੋਂ ਪੁੱਛੇ ਗਏ ਸਵਾਲ ’ਤੇ ਬਲਤੇਜ ਪੰਨੂ ਨੇ ਸਪੱਸ਼ਟ ਆਖਿਆ, ‘‘ਮੁਲਾਜ਼ਮ ਸਾਡੇ ਆਪਣੇ ਹਨ ਅਤੇ ਉਹ ਪਰਿਵਾਰ ਦਾ ਹਿੱਸਾ ਹਨ। ਉਨ੍ਹਾਂ ਦੇ ਨਾਲ ਮੁੱਖ ਮੰਤਰੀ ਕਿਸੇ ਵੇਲੇ ਵੀ ਮਿਲਣ ਲਈ ਤਿਆਰ ਹਨ, ਜਦੋਂ ਵੀ ਮੁਲਾਜ਼ਮ ਚਾਹੁਣਗੇ, ਉਦੋਂ ਮੀਟਿੰਗ ਵੀ ਹੋ ਜਾਵੇਗੀ|’’
ਡੀ ਏ ਦੇ ਮਾਮਲੇ ’ਚ ਸਰਕਾਰ ਵੱਲੋਂ ਸੁਪਰੀਮ ਕੋਰਟ ਜਾਣ ਬਾਰੇ ਪੁੱਛੇ ਜਾਣ ’ਤੇ ਪੰਨੂ ਨੇ ਕਿਹਾ, ‘‘ਅਸੀਂ ਸੁਪਰੀਮ ਕੋਰਟ ਗਏ ਜ਼ਰੂਰ ਹਾਂ ਕਿਉਂਕਿ ਇਹ ਸਰਕਾਰ ਦਾ ਕਾਨੂੰਨੀ ਹੱਕ ਬਣਦਾ ਹੈ|’’ ਉਂਜ ਪੰਨੂ ਨੇ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਇਸ ਮਾਹੌਲ ਸਬੰਧੀ ਕਾਨੂੰਨੀ ਰਾਏ ਲਈ ਜਾ ਰਹੀ ਹੈ ਅਤੇ ਮੁੱਖ ਮੰਤਰੀ ਵੀ ਮੁਲਾਜ਼ਮਾਂ ਨੂੰ ਮਿਲਣ ਲਈ ਤਿਆਰ ਹਨ| ਉਨ੍ਹਾਂ ਆਸ ਪ੍ਰਗਟਾਈ ਕਿ ਮੁਲਾਜ਼ਮਾਂ ਨਾਲ ਸਬੰਧਤ ਮਸਲਾ ਛੇਤੀ ਹੱਲ ਹੋ ਜਾਵੇਗਾ।

