Punjab Congress New President: ਰਾਜਾ ਵੜਿੰਗ ਦੀ ਜਗ੍ਹਾ ਲੈਣ ਲਈ ਰੇਸ ਵਿੱਚ ਪਰਗਟ ਸਿੰਘ, ਸੁਖਬਿੰਦਰ ਸਰਕਾਰੀਆ ਤੇ ਔਜਲਾ ਦੇ ਨਾਮ ਅੱਗੇ
ਦਿੱਲੀ ਵਿੱਚ ਹਾਈਕਮਾਂਡ ਨਾਲ ਮੀਟਿੰਗਾਂ ਦਾ ਦੌਰ ਜਾਰੀ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ.) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਤਬਦੀਲੀ ਤੋਂ ਪਹਿਲਾਂ ਸਾਰਿਆਂ ਦੀਆਂ ਨਜ਼ਰਾਂ ਪੰਜਾਬ ਕਾਂਗਰਸ ਦੇ ਨਵੇਂ ਮੁਖੀ ’ਤੇ ਟਿਕੀਆਂ ਹੋਈਆਂ ਹਨ।
ਭਾਵੇਂ ਇਸ ਬਾਰੇ ਅਧਿਕਾਰਤ ਐਲਾਨ ਜਲਦ ਹੀ ਹੋਣ ਦੀ ਉਮੀਦ ਹੈ, ਪਰ ਪਾਰਟੀ ਹਲਕਿਆਂ ਵਿੱਚ ਚਰਚਾ ਹੈ ਕਿ ਸਾਬਕਾ ਉਲੰਪੀਅਨ ਅਤੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ, ਰਾਜਾਸਾਂਸੀ ਤੋਂ ਮੌਜੂਦਾ ਵਿਧਾਇਕ ਸੁਖਬਿੰਦਰ ਸਰਕਾਰੀਆ ਅਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਮੋਹਰੀ ਦਾਅਵੇਦਾਰਾਂ ਵਿੱਚ ਸ਼ਾਮਲ ਹਨ, ਇਹ ਸਾਰੇ ਜੱਟ ਸਿੱਖ ਚਿਹਰੇ ਹਨ।
ਸਾਬਕਾ ਮੰਤਰੀ ਪਰਗਟ ਸਿੰਘ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਸੂਬਾ ਪ੍ਰਧਾਨ ਹੁੰਦਿਆਂ ਪੀ.ਪੀ.ਸੀ.ਸੀ. ਦੇ ਜਨਰਲ ਸਕੱਤਰ (ਸੰਗਠਨ) ਵਜੋਂ ਸੇਵਾ ਨਿਭਾ ਚੁੱਕੇ ਹਨ। ਦੂਜੇ ਪਾਸੇ, ਸੁਖਬਿੰਦਰ ਸਰਕਾਰੀਆ ਪੀ.ਪੀ.ਸੀ.ਸੀ. ਵਿੱਚ ਮੀਤ ਪ੍ਰਧਾਨ ਰਹਿਣ ਦੇ ਨਾਲ-ਨਾਲ ਸਾਬਕਾ ਕੈਬਨਿਟ ਮੰਤਰੀ ਵੀ ਰਹੇ ਹਨ, ਜਦਕਿ ਔਜਲਾ ਦੋ ਵਾਰ ਸੰਸਦ ਮੈਂਬਰ ਬਣ ਚੁੱਕੇ ਹਨ।
ਸੂਤਰਾਂ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ, ਪਾਰਟੀ ਹਾਈਕਮਾਂਡ ਵੱਲੋਂ ਆਗੂਆਂ ਦੇ ਤਿੰਨ ਮੈਂਬਰੀ ਪੈਨਲ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ।
ਰਾਹੁਲ ਗਾਂਧੀ ਅਤੇ ਪ੍ਰਿਅੰਕਾ ਵਾਡਰਾ ਤੋਂ ਇਲਾਵਾ ਸੋਨੀਆ ਗਾਂਧੀ ਵੱਲੋਂ ਪੀ.ਪੀ.ਸੀ.ਸੀ. ਪ੍ਰਧਾਨ ਦੇ ਅਹੁਦੇ ਲਈ ਸੂਬਾ ਇਕਾਈ ਵਿੱਚੋਂ ਸਭ ਤੋਂ ਯੋਗ ਚਿਹਰਿਆਂ ਦੀ ਚੋਣ ਕਰਨ ਵਿੱਚ ਅਹਿਮ ਭੂਮਿਕਾ ਨਿਭਾਏ ਜਾਣ ਦੀ ਸੂਚਨਾ ਹੈ।
ਸੂਤਰਾਂ ਨੇ ਦੱਸਿਆ ਕਿ ਸੋਨੀਆ ਗਾਂਧੀ ਨੇ ਇਸ ਮਾਮਲੇ ’ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਸਲਾਹ-ਮਸ਼ਵਰਾ ਕੀਤਾ ਹੈ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ—ਜੋ ਹੁਣ ਭਾਜਪਾ ਵਿੱਚ ਹਨ—ਨੇ ‘ਟ੍ਰਿਬਿਊਨ’ ਦਫ਼ਤਰ ਵਿਖੇ ਇੱਕ ਤਾਜ਼ਾ ਇੰਟਰਵਿਊ ਵਿੱਚ ਅਜਿਹੀ ਕੋਈ ਸਲਾਹ ਦੇਣ ਤੋਂ ਇਨਕਾਰ ਕੀਤਾ ਹੈ, ਪਰ ਉਨ੍ਹਾਂ ਗਾਂਧੀ ਪਰਿਵਾਰ ਨਾਲ ਆਪਣੇ ਨਿੱਜੀ ਸਬੰਧ ਹੋਣ ਦੀ ਗੱਲ ਜ਼ਰੂਰ ਸਵੀਕਾਰ ਕੀਤੀ ਹੈ। ਹਾਲਾਂਕਿ, ਉਨ੍ਹਾਂ ਕਾਂਗਰਸ ਪਾਰਟੀ ਵਿੱਚ ਵਾਪਸੀ ਦੀ ਸੰਭਾਵਨਾ ਨੂੰ ਖਾਰਜ ਕਰ ਦਿੱਤਾ। ਸੂਤਰਾਂ ਮੁਤਾਬਕ ਸੋਨੀਆ ਗਾਂਧੀ ਦੇ ਦਫ਼ਤਰ ਵੱਲੋਂ ਪੰਜਾਬ ਦੇ ਪਾਰਟੀ ਹਲਕਿਆਂ ਵਿੱਚ ਵੜਿੰਗ ਅਤੇ ਹੋਰ ਆਗੂਆਂ ਬਾਰੇ ਕੁਝ ਗੁਪਤ ਪੁੱਛਗਿੱਛ ਵੀ ਕੀਤੀ ਗਈ ਹੈ।
ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਨਵਾਂ ਚਿਹਰਾ ਉਹ ਵਿਅਕਤੀ ਹੋਵੇਗਾ ਜੋ ਵੜਿੰਗ ਵਿਰੋਧੀ ਖੇਮੇ ਨਾਲ ਤਾਲਮੇਲ ਰੱਖ ਸਕੇ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੇ ਆਗੂਆਂ ਨੂੰ ਨਾਲ ਲੈ ਕੇ ਚੱਲ ਸਕੇ।
ਇਸ ਐਲਾਨ ਤੋਂ ਪਹਿਲਾਂ, ਕਈ ਸੀਨੀਅਰ ਆਗੂ ਦਿੱਲੀ ਵਿੱਚ ਡੇਰਾ ਲਾਈ ਬੈਠੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਚੁਣਿਆ ਜਾਣ ਵਾਲਾ ਆਗੂ ਚੰਨੀ ਦੇ ਖੇਮੇ ਦੇ ਅਨੁਕੂਲ ਹੋਵੇ।

