Punjab Biofertilizer Lab: ਮਿਲਾਵਟੀ ਖਾਦਾਂ ਦੀ ਰੋਕਥਾਮ ਲਈ ਮੁਹਾਲੀ ’ਚ ਬਾਇਓ-ਫਰਟੀਲਾਈਜ਼ਰ ਟੈਸਟਿੰਗ ਲੈਬ ਸਥਾਪਿਤ
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੀਤਾ ਉਦਘਾਟਨ
Punjab Biofertilizer Lab: ਪੰਜਾਬ ਵਿੱਚ ਕੁਦਰਤੀ ਤੇ ਟਿਕਾਊ ਖੇਤੀ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਨੂੰ ਮਿਆਰੀ ਉਤਪਾਦਾਂ ਦੀ ਉਪਲਬਧਤਾ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਮੁਹਾਲੀ ਦੇ ਕਾਲਕਟ ਭਵਨ ਵਿਚ ਇੱਕ ਅਤਿ-ਆਧੁਨਿਕ ਬਾਇਓ-ਫਰਟੀਲਾਈਜ਼ਰ ਟੈਸਟਿੰਗ ਲੈਬਾਰਟਰੀ ਦਾ ਉਦਘਾਟਨ ਕੀਤਾ।
ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਹੁਣ ਕਿਸਾਨਾਂ ਨੂੰ ਪ੍ਰਮਾਣਿਤ ਅਤੇ ਮਿਲਾਵਟ-ਰਹਿਤ ਜੈਵਿਕ ਖਾਦਾਂ ਦੀ ਸਪਲਾਈ ਯਕੀਨੀ ਬਣਾਉਣ ਲਈ 4.50 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਵਿਚ ਸਥਾਪਿਤ ਹੋਣ ਵਾਲੀਆਂ ਤਿੰਨ ਪ੍ਰਯੋਗ਼ਾਲਾਵਾਂ ਦਾ ਨੈੱਟਵਰਕ ਮੁਕੰਮਲ ਹੋ ਗਿਆ ਹੈ। ਇਸ ਤੋਂ ਪਹਿਲਾਂ ਦੋ ਲੈਬਾਰਟਰੀਆਂ ਗੁਰਦਾਸਪੁਰ ਅਤੇ ਬਠਿੰਡਾ ਵਿਖੇ ਸਥਾਪਤ ਕੀਤੀਆਂ ਜਾ ਚੁੱਕੀਆਂ ਹਨ।
ਸ੍ਰੀ ਖੁੱਡੀਆਂ ਨੇ ਕਿਹਾ ਕਿ ਇਹ ਲੈਬਾਰਟਰੀਆਂ ਕਿਸਾਨਾਂ ਨੂੰ ਮਿਆਰੀ ਉਤਪਾਦ ਉਪਲਬਧ ਕਰਵਾਉਣ, ਨਕਲੀ ਉਤਪਾਦਾਂ ਤੋਂ ਬਚਾਉਣ ਅਤੇ ਰਸਾਇਣਕ ਖਾਦਾਂ ਤੇ ਨਿਰਭਰਤਾ ਘਟਾਉਣ ਵਿੱਚ ਅਹਿਮ ਸਾਬਤ ਹੋਣਗੀਆਂ। ਉਨ੍ਹਾਂ ਕਿਹਾ ਕਿ ਇਹ ਲੈਬਾਂ 'ਫਰਟੀਲਾਈਜ਼ਰ ਕੰਟਰੋਲ ਆਰਡਰ' ਨੂੰ ਸਖ਼ਤੀ ਨਾਲ ਲਾਗੂ ਕਰਨ, ਨਿਰਮਾਤਾਵਾਂ ਤੇ ਡੀਲਰਾਂ ਦੀ ਨਿਗਰਾਨੀ ਅਤੇ ਪੰਜਾਬ ਦੇ ਖੇਤੀ-ਜਲਵਾਯੂ ਅਨੁਕੂਲ ਜੈਵਿਕ ਖਾਦਾਂ ਦੇ ਸੁਧਾਰ ਲਈ ਅਹਿਮ ਡਾਟਾ ਤਿਆਰ ਕਰਨ ਵਿੱਚ ਵੀ ਮਦਦਗਾਰ ਸਾਬਤ ਹੋਣਗੀਆਂ।
ਸ੍ਰੀ ਖੁੱਡੀਆਂ ਨੇ ਕਿਹਾ ਕਿ ਪੰਜਾਬ ਇੱਕ ਪ੍ਰਮੁੱਖ ਖੇਤੀ ਪ੍ਰਧਾਨ ਸੂਬਾ ਹੈ, ਜੋ ਦੇਸ਼ ਦੇ ਕੁੱਲ ਕਣਕ ਅਤੇ ਝੋਨੇ ਦੇ ਉਤਪਾਦਨ ਵਿੱਚ 30 ਫ਼ੀਸਦੀ ਤੋਂ ਵੱਧ ਯੋਗਦਾਨ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਕਰਦੇ ਹੋਏ ਟਿਕਾਊ ਉਤਪਾਦਨ ਲਈ ਜੈਵਿਕ ਖੇਤੀ ਇੱਕ ਬਿਹਤਰੀਨ ਬਦਲ ਹੈ। ਇਹ ਮਿਆਰੀ ਖੇਤੀ ਉਤਪਾਦਨ ਹਾਸਲ ਕਰਨ ਅਤੇ ਮਿੱਟੀ ਦੀ ਸਿਹਤ ਸੁਧਾਰਨ ਵੱਲ ਇੱਕ ਵਿਆਪਕ ਪਹੁੰਚ ਹੈ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਜੈਵਿਕ ਖੇਤੀ ਦੀ ਅਮੀਰ ਵਿਰਾਸਤ ਰਹੀ ਹੈ, ਪਰ ਰਸਾਇਣਕ ਖਾਦਾਂ ਵਾਲੀ ਆਧੁਨਿਕ ਖੇਤੀ ਦੇ ਤੇਜ਼ੀ ਨਾਲ ਵਧਣ ਕਾਰਨ ਇਹ ਪਛੜ ਗਈ ਸੀ। ਹੁਣ ਭੋਜਨ ਸੁਰੱਖਿਆ ਅਤੇ ਵਾਤਾਵਰਣ ਪ੍ਰਤੀ ਵੱਧ ਰਹੀ ਜਾਗਰੂਕਤਾ ਨਾਲ ਜੈਵਿਕ ਖੇਤੀ ਮੁੜ ਇੱਕ ਕਾਰਗਰ ਪ੍ਰਣਾਲੀ ਵਜੋਂ ਉੱਭਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਲ 2025-26 ਤੱਕ ਪੰਜਾਬ ਵਿੱਚ ਲਗਭਗ 30,000 ਏਕੜ ਰਕਬਾ ਪ੍ਰਮਾਣਿਤ ਜੈਵਿਕ ਖੇਤੀ ਅਧੀਨ ਆ ਚੁੱਕਾ ਹੈ।
ਸ੍ਰੀ ਖੁੱਡੀਆਂ ਨੇ ਦੱਸਿਆ ਕਿ ਪੰਜਾਬ ਵਿੱਚ ਬਾਇਓ-ਫਰਟੀਲਾਈਜ਼ਰਜ਼ (ਜੈਵਿਕ ਖਾਦਾਂ) ਦੀ ਸਾਲਾਨਾ ਖਪਤ ਲਗਭਗ 15,000 ਤੋਂ 16,000 ਐਮ ਟੀ/ਕਿਲੋਲੀਟਰ ਹੈ ਅਤੇ ਇਹ ਲਗਾਤਾਰ ਵੱਧ ਰਹੀ ਹੈ। ਜੈਵਿਕ ਖੇਤੀ ਦੇ ਤੇਜ਼ੀ ਨਾਲ ਪਸਾਰ ਦੇ ਮੱਦੇਨਜ਼ਰ ਗੁਣਵੱਤਾ ਯਕੀਨੀ ਬਣਾਉਣਾ ਬੇਹੱਦ ਜ਼ਰੂਰੀ ਸੀ।
ਇਸ ਮੌਕੇ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਵਧੀਕ ਸਕੱਤਰ ਖੇਤੀਬਾੜੀ ਲਤੀਫ਼ ਅਹਿਮਦ ਅਤੇ ਡਾਇਰੈਕਟਰ ਖੇਤੀਬਾੜੀ ਗੁਰਜੀਤ ਸਿੰਘ ਬਰਾੜ ਤੇ ਏ ਡੀ ਸੀ (ਦਿਹਾਤੀ ਵਿਕਾਸ) ਸੋਨਮ ਚੌਧਰੀ ਵੀ ਹਾਜ਼ਰ ਸਨ।

