Punjab Assembly Employment Motion: ਵਿਧਾਨ ਸਭਾ ’ਚ ਰੁਜ਼ਗਾਰ ਤੇ ਉਦਯੋਗਿਕ ਨਿਵੇਸ਼ ਬਾਰੇ ਧੰਨਵਾਦੀ ਮਤਾ ਪਾਸ
1.83 ਲੱਖ ਕਰੋੜ ਦੇ ਨਿਵੇਸ਼ ਨਾਲ 6.16 ਲੱਖ ਤੋਂ ਵੱਧ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ
ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਤੀਜੇ ਦਿਨ ਸਦਨ ਵੱਲੋਂ ਰੁਜ਼ਗਾਰ ਅਤੇ ਉਦਯੋਗਿਕ ਨਿਵੇਸ਼ ਲਈ ਲਿਆਂਦਾ ਗਿਆ ਧੰਨਵਾਦੀ ਮਤਾ ਪਾਸ ਕੀਤਾ ਗਿਆ। ਸਦਨ ਨੇ ਸਰਕਾਰ ਦੀਆਂ ਰੁਜ਼ਗਾਰ ਨੀਤੀਆਂ, ਪਾਰਦਰਸ਼ੀ ਭਰਤੀ ਪ੍ਰਕਿਰਿਆ ਅਤੇ ਸੂਬੇ ਵਿੱਚ ਆਏ ਵੱਡੇ ਉਦਯੋਗਿਕ ਨਿਵੇਸ਼ ਦੀ ਸ਼ਲਾਘਾ ਕੀਤੀ। ਪਾਸ ਕੀਤੇ ਮਤੇ ਵਿੱਚ ਕਿਹਾ ਗਿਆ ਕਿ ਸਰਕਾਰ ਵੱਲੋਂ ਅਪ੍ਰੈਲ 2022 ਤੋਂ ਹੁਣ ਤੱਕ ਪਾਰਦਰਸ਼ੀ ਅਤੇ ਯੋਗਤਾ-ਅਧਾਰਿਤ ਪ੍ਰਕਿਰਿਆ ਰਾਹੀਂ 68,228 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ। ਇਸੇ ਤਰ੍ਹਾਂ 16 ਮਾਰਚ 2022 ਤੋਂ 31 ਜੁਲਾਈ 2026 ਤੱਕ 1,83,837 ਕਰੋੜ ਰੁਪਏ ਦੇ 9,899 ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ। ਇਨ੍ਹਾਂ ਨਿਵੇਸ਼ ਪ੍ਰਸਤਾਵਾਂ ਨਾਲ ਸੂਬੇ ਭਰ ਵਿੱਚ 6,16,436 ਨਵੀਆਂ ਨੌਕਰੀਆਂ ਦੇ ਮੌਕੇ ਪੈਦਾ ਹੋਣ ਦੀ ਸੰਭਾਵਨਾ ਹੈ।
ਮਤੇ ਵਿੱਚ ਭਰਤੀਆਂ ਦਾ ਵੇਰਵਾ ਵੀ ਸਾਂਝਾ ਕੀਤਾ ਗਿਆ, ਜਿਸ ਅਨੁਸਾਰ:
- ਸਕੂਲ ਸਿੱਖਿਆ ਵਿਭਾਗ: 16,316
- ਗ੍ਰਹਿ ਮਾਮਲੇ ਵਿਭਾਗ: 14,723
- ਬਿਜਲੀ ਵਿਭਾਗ: 8,706
- ਸਥਾਨਕ ਸਰਕਾਰ ਵਿਭਾਗ: 5,681
- ਸਿਹਤ ਅਤੇ ਪਰਿਵਾਰ ਭਲਾਈ ਵਿਭਾਗ: 4,758 ਨੌਕਰੀਆਂ ਦਿੱਤੀਆਂ ਗਈਆਂ।
ਮਤੇ ਵਿੱਚ ਕਿਹਾ ਗਿਆ ਕਿ ਦਹਾਕਿਆਂ ਤੋਂ ਪੰਜਾਬ ਵਿੱਚ ਸਰਕਾਰੀ ਨੌਕਰੀਆਂ ਸਿਫ਼ਾਰਸ਼ਾਂ, ਰਾਜਨੀਤਿਕ ਦਖ਼ਲਅੰਦਾਜ਼ੀ ਅਤੇ ਭ੍ਰਿਸ਼ਟਾਚਾਰ ਦਾ ਸ਼ਿਕਾਰ ਸਨ, ਜਿਸ ਨਾਲ ਯੋਗ ਉਮੀਦਵਾਰਾਂ ਦਾ ਭਰੋਸਾ ਉੱਠ ਚੁੱਕਾ ਸੀ। ਪੰਜਾਬ ਸਰਕਾਰ ਨੇ ਪਾਰਦਰਸ਼ੀ ਪ੍ਰੀਖਿਆਵਾਂ ਅਤੇ ਨਿਰਪੱਖ ਚੋਣ ਪ੍ਰਕਿਰਿਆ ਰਾਹੀਂ ਇਸ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਹੁਣ ਨੌਜਵਾਨਾਂ ਨੂੰ ਕਿਸੇ ਸਿਫ਼ਾਰਸ਼ ’ਤੇ ਨਿਰਭਰ ਨਹੀਂ ਰਹਿਣਾ ਪੈਂਦਾ, ਸਗੋਂ ਸਫ਼ਲਤਾ ਕੇਵਲ ਸਖ਼ਤ ਮਿਹਨਤ ਅਤੇ ਯੋਗਤਾ ’ਤੇ ਨਿਰਭਰ ਕਰਦੀ ਹੈ।
ਸਦਨ ਵਿੱਚ ਜ਼ਿਕਰ ਕੀਤਾ ਗਿਆ ਕਿ ਸਿਰਫ਼ ਸਰਕਾਰੀ ਨੌਕਰੀਆਂ ਨਾਲ ਬੇਰੁਜ਼ਗਾਰੀ ਖ਼ਤਮ ਨਹੀਂ ਕੀਤੀ ਜਾ ਸਕਦੀ। ਸੂਬਾ ਸਰਕਾਰ ਨੇ ਨੀਤੀਗਤ ਸਥਿਰਤਾ ਅਤੇ ‘ਈਜ਼ ਆਫ਼ ਡੂਇੰਗ ਬਿਜ਼ਨਸ’ ਰਾਹੀਂ ਉਦਯੋਗਿਕ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਹੈ।

